ਪਟਿਆਲਾ, 13 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) – ਪਟਿਆਲਾ ਨਗਰ ਨਿਗਮ ਵੱਲੋਂ ਬੀਤੇ ਦਿਨੀ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਜਿਸ ਮਗਰੋਂ ਨਿਗਮ ਵਲੋਂ ਕੀਤੀ ਕਾਰਵਾਈ ਨੂੰ ਟਿੱਚ ਜਾਣਦਿਆਂ ਕਬਜਾ ਧਾਰਕਾਂ ਨੇ ਨਿਗਮ ਦੀ ਟੀਮ ਦੇ ਜਾਣ ਮਗਰੋਂ ਹੀ ਨਿਗਮ ਵਲੋਂ ਲਗਾਏ ਬੋਰਡ ਨੂੰ ਪੁੱਟ ਕੇ ਸੁੱਟ ਦਿੱਤਾ। ਇਸ ਸਬੰਧੀ ਮੇਅਰ ਕੁੰਦਨ ਗੋਗੀਆ ਨੂੰ ਖ਼ਬਰ ਮਿਲਦਿਆਂ ਹੀ ਮੇਅਰ ਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਕਬਜਾਧਾਰਕਾਂ ਖਿਲਾਫ ਅਗੇਤੀ ਰਣਨੀਤੀ ਤਿਆਰ ਕੀਤੀ ਗਈ. ਮੇਅਰ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਨਾਜਾਇਜ਼ ਕਬਜੇ ਕਰਨ ਵਾਲਿਆਂ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਪਟਿਆਲਾ ਨਗਰ ਨਿਗਮ ਵੱਲੋਂ ਬੀਤੇ ਦਿਨੀਂ ਘਲੋੜੀ ਗੇਟ ਸਮਸ਼ਾਨਘਾਟ ਦੇ ਸਾਹਮਣੇ ਪੁਲਸ ਫੋਰਸ ਨਾਲ ਕਰੋੜਾਂ ਰੁਪਏ ਦੀ ਜ਼ਮੀਨ ‘ਤੇ ਕਬਜ਼ਾ ਲਿਆ ਗਿਆ ਜਿਸ ਦੌਰਾਨ ਕਾਫੀ ਗਰਮਾ-ਗਰਮੀ ਵੀ ਹੋਈ। ਇਸ ਮੌਕੇ ਪੁਲਸ ਫੋਰਸ ਦੀ ਮਦਦ ਨਾਲ ਨਿਗਮ ਨੇ ਕਬਜ਼ਾ ਲੈਣ ਮਗਰੋਂ ਬੋਰਡ ਲਗਾਇਆ, ਪਰ ਉਹ ਬੋਰਡ ਕੁਝ ਹੀ ਘੰਟਿਆਂ ਵਿੱਚ ਕਬਜਾ ਧਾਰਕਾਂ ਵਲੋਂ ਪੁੱਟ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਨਗਰ ਨਿਗਮ ਕੋਲ ਮਲਕੀਅਤ ਦੇ ਸਾਰੇ ਦਸਤਾਵੇਜ਼ ਮੌਜੂਦ ਹਨ ਅਤੇ ਇਹ ਕਬਜ਼ਾਧਾਰਕਾਂ ਨੂੰ ਨਿਗਮ ਟੀਮ ਵਲੋਂ ਦਿਖਾਏ ਵੀ ਗਏ ਸਨ। ਬਲਕਿ ਨਿਗਮ ਟੀਮ ਵਲੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ।
ਮੇਅਰ ਨੇ ਸਪਸ਼ਟ ਕੀਤਾ ਕਿ ਸ਼ਹਿਰ ਦੀ ਜ਼ਮੀਨ ਲੋਕਾਂ ਦੀ ਸਾਂਝੀ ਧਰੋਹਰ ਹੈ ਅਤੇ ਇਸਨੂੰ ਕਿਸੇ ਨਿੱਜੀ ਲਾਭ ਲਈ ਵਰਤਣਾ ਗਲਤ ਹੈ। ਉਨ੍ਹਾਂ ਕਿਹਾ, “ਜੋ ਵੀ ਵਿਅਕਤੀ ਜਾਂ ਗਿਰੋਹ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਜ਼ਮੀਨ ‘ਤੇ ਕਬਜ਼ਾ ਜਾਂ ਸਰਕਾਰੀ ਕੰਮ ਵਿੱਚ ਦਖ਼ਲ ਅੰਦਾਜੀ ਕਰੇਗਾ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਨਿਗਮ ਦਾ ਸਾਥ ਦੇਣ ਅਤੇ ਜੇਕਰ ਕਿਸੇ ਵੀ ਥਾਂ ਉੱਤੇ ਗੈਰ-ਕਾਨੂੰਨੀ ਕਬਜ਼ੇ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਨਿਗਮ ਨੂੰ ਸੂਚਿਤ ਕਰਨ।
ਅੰਤ ਵਿੱਚ ਮੇਅਰ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਨਾਜਾਇਜ਼ ਕਬਜ਼ਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਨਾ ਸਿਰਫ ਕਬਜ਼ਾ ਹਟਾਉਣ ਦੀ ਕਾਰਵਾਈ ਹੋਵੇਗੀ, ਸਗੋਂ ਉਸ ‘ਤੇ ਸਖ਼ਤ ਜੁਰਮਾਨਾ ਵੀ ਲਾਇਆ ਜਾਵੇਗਾ।







