ਪਟਿਆਲਾ, 11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) – ਪੰਜਾਬ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਤਬਾਹੀ ਦੇ ਕੰਢੇ ਤੇ ਖੜ੍ਹਾ ਕਰ ਦਿੱਤਾ ਹੈ। ਯੂਥ ਪ੍ਰਧਾਨ ਪੰਜਾਬ ਮੋਹਿਤ ਮਹਿੰਦਰਾ ਨੇ ਆਪਣੇ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਾਣਕਾਰੀ ਮੁਤਾਬਿਕ 1900 ਪਿੰਡ ਪਾਣੀ ਹੇਠ ਆ ਗਏ, 3.8 ਲੱਖ ਪਰਿਵਾਰ ਬੇਘਰ ਹੋ ਗਏ, ਜਦਕਿ 20 ਲੱਖ ਤੋਂ ਵੱਧ ਲੋਕਾਂ ਦੇ ਜੀਵਨ ’ਤੇ ਸਿੱਧਾ ਅਸਰ ਪਿਆ ਹੈ। ਇਸ ਤੋਂ ਇਲਾਵਾ 4 ਲੱਖ ਹੈਕਟੇਅਰ ਤੋਂ ਵੱਧ ਖੇਤੀਬਾੜੀ ਦੀ ਜ਼ਮੀਨ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ, ਜਿਸ ਨਾਲ ਕਿਸਾਨਾਂ ਦਾ ਭਵਿੱਖ ਹਨੇਰੇ ਵਿੱਚ ਧੱਕਿਆ ਗਿਆ ਹੈ।
12 ਹਜ਼ਾਰ ਕਰੋੜ ਕੇਂਦਰ ਨੇ ਦਿੱਤੇ ਹੀ ਨਹੀਂ ਜਾ ਡਕਾਰ ਗਈ ਪੰਜਾਬ ਸਰਕਾਰ
ਇਸ ਗੰਭੀਰ ਹਾਲਾਤਾਂ ’ਚ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੋਵੇਂ ਪਾਸਿਆਂ ਤੋਂ ਵੱਡੀ ਉਮੀਦ ਸੀ, ਪੰਜਾਬ ਮੋਹਿਤ ਮਹਿੰਦਰਾ ਨੇ ਦੋਸ਼ ਲਗਾਇਆ ਕਿ ਲੋਕਾਂ ਦੀਆਂ ਆਸਾਂ ’ਤੇ ਦੋਵੇਂ ਸਰਕਾਰਾਂ ਖਰੀ ਨਹੀਂ ਉਤਰੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਤਾਬਿਕ ਪਹਿਲਾ ਤੋਂ ਹੀ ਪੰਜਾਬ ਸਰਕਾਰ ਨੂੰ 12 ਹਜ਼ਾਰ ਕਰੋੜ ਦਿੱਤੇ ਜਾ ਚੁੱਕੇ ਹਨ, ਜਦਕਿ ਮੌਜੂਦਾ ਪੰਜਾਬ ਸਰਕਾਰ ਨੇ ਵੀ ਇਹ ਕਹਿ ਕੇ ਹੱਥ ਖੜੇ ਕਰ ਦਿੱਤੇ ਕਿ ਉਨ੍ਹਾਂ ਕੋਲ ਰਾਹਤ ਦੇਣ ਲਈ ਫੰਡ ਹੀ ਨਹੀਂ ਹਨ।
ਮੋਹਿਤ ਮਹਿੰਦਰਾ ਨੇ ਕੇਂਦਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਹੜ੍ਹ ਪੀੜਤਾਂ ਲਈ ਸਿਰਫ਼ 1600 ਕਰੋੜ ਰੁਪਏ ਦਾ ਫੰਡ ਐਲਾਨਿਆ ਗਿਆ ਹੈ ਅਤੇ ਦੂਜੇ ਪਾਸੇ ਜ਼ਮੀਨੀ ਹਕੀਕਤ ਮੁਤਾਬਕ ਲੋਕਾਂ ਨੂੰ ਅਜੇ ਤੱਕ ਕੋਈ ਅਸਲੀ ਰਾਹਤ ਨਹੀਂ ਮਿਲਦੀ ਨਜ਼ਰ ਨਹੀਂ ਆ ਰਹੀ।
ਉਨ੍ਹਾਂ ਤਿੱਖੇ ਸ਼ਬਦਾ ‘ਚ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਇਸ਼ਤਿਹਾਰਾਂ ਅਤੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਬਹੁਤ ਪੈਸੇ ਬਰਬਾਦ ਕੀਤੇ ਹਨ , ਜਿਸ ਕਾਰਨ ਪੰਜਾਬ ਸਰਕਾਰ ਵਲੋਂ ਵੀ ਕਿਸਾਨਾਂ ਅਤੇ ਹੜ੍ਹ ਪੀੜਤਾਂ ਲਈ ਕੋਈ ਢੰਗ ਦਾ ਪੈਕੇਜ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇ ਸੱਚਮੁੱਚ 12 ਹਜ਼ਾਰ ਕਰੋੜ ਕੇਂਦਰ ਵੱਲੋਂ ਰਾਹਤ ਦਿੱਤੀ ਗਈ ਸੀ ਤਾਂ ਉਹ ਕਿੱਥੇ ਗਏ। ਜੇ ਪੈਸੇ ਮਿਲੇ ਹੀ ਨਹੀਂ, ਤਾਂ ਕੇਂਦਰ ਸਰਕਾਰ ਪੰਜਾਬੀਆਂ ਨਾਲ ਕੋਝਾ ਮਜ਼ਾਕ ਕਿਉਂ ਕਰ ਰਹੀ ਹੈ, ਜੇ ਮਿਲੇ ਹਨ ਤਾਂ ਫਿਰ ਪੰਜਾਬ ਸਰਕਾਰ ਡਕਾਰ ਗਈ ਹੈ। ਦੋਵੇਂ ਹਾਲਤਾਂ ’ਚ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ।
ਮਹਿੰਦਰਾ ਨੇ ਕਿਹਾ ਕਿ ਕਿਸਾਨਾਂ ਨੇ ਸਾਲ ਭਰ ਮਿਹਨਤ ਕਰਕੇ ਖੇਤਾਂ ਵਿੱਚ ਖੂਨ-ਪਸੀਨਾ ਬਹਾਇਆ, ਅੱਜ ਉਹਨਾਂ ਦੀ ਫਸਲ ਤਬਾਹ ਹੋ ਗਈ ਹੈ। ਪਰ ਮੁਆਵਜ਼ੇ ਦੀ ਥਾਂ ਉਹਨਾਂ ਨੂੰ ਰਾਜਨੀਤਿਕ ਬਿਆਨਬਾਜ਼ੀ ਮਿਲ ਰਹੀ ਹੈ। ਘਰ ਬਰਬਾਦ ਹੋਏ ਪਰਿਵਾਰ ਰਿਹਾਇਸ਼ ਲਈ ਦਰ-ਦਰ ਭਟਕ ਰਹੇ ਹਨ, ਜਦਕਿ ਸਰਕਾਰਾਂ ਫੰਡਾਂ ਦੀ ਗਿਣਤੀ ਦੇ ਖੇਡ ਵਿੱਚ ਹੀ ਫਸੀ ਹੋਈਆਂ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਨਾ ਦਿੱਤੀ ਗਈ ਤਾਂ ਕਾਂਗਰਸ ਸੜਕਾਂ ’ਤੇ ਉਤਰ ਕੇ ਲੋਕਾਂ ਦੀ ਆਵਾਜ਼ ਉਠਾਏਗੀ। ਸਿਰਫ਼ ਐਲਾਨਾਂ ਨਾਲ ਲੋਕਾਂ ਦੇ ਘਰ ਨਹੀਂ ਬਣ ਸਕਦੇ, ਨਾ ਹੀ ਕਿਸਾਨਾਂ ਦੀ ਤਬਾਹ ਹੋਈ ਫਸਲ ਵਾਪਸ ਆ ਸਕਦੀ ਹੈ। ਮੋਹਿਤ ਮਹਿੰਦਰਾ ਨੇ ਅੰਤ ’ਚ ਕਿਹਾ ਕਿ ਦੋਵੇਂ ਸਰਕਾਰਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ ਅਤੇ ਲੋਕ ਇਸ ਧੋਖੇ ਦਾ ਜਵਾਬ ਵੋਟਾਂ ਰਾਹੀਂ ਜ਼ਰੂਰ ਦੇਣਗੇ।
ਫੋਟੋ – ਜਾਣਕਾਰੀ ਦਿੰਦਿਆਂ ਮੋਹਿਤ ਮਹਿੰਦਰਾ
