7 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਮਸ਼ਹੂਰ ਬ੍ਰਿਟਿਸ਼ ਸ਼ੈੱਫ ਗਾਰਡਨ ਰਾਮਸੇ ਨੇ ਚਮੜੀ ਦੇ ਕੈਂਸਰ ਦਾ ਇਲਾਜ ਕਰਵਾਇਆ ਹੈ। ਪਿਛਲੇ ਹਫ਼ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਬੇਸਲ ਸੈੱਲ ਕਾਰਸੀਨੋਮਾ (ਨਾਨ-ਮੇਲਾਨੋਮਾ ਕੈਂਸਰ ਦੀ ਇੱਕ ਕਿਸਮ) ਨੂੰ ਹਟਾਇਆ।
ਉਹ ਲੋਕਾਂ ਨੂੰ ਚਮੜੀ ਦੇ ਕੈਂਸਰ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਦਰਅਸਲ, ਚਮੜੀ ਦੇ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇੱਕ ਅਨੁਮਾਨ ਮੁਤਾਬਕ, ਦੁਨੀਆਂ ਭਰ ਵਿੱਚ ਹਰ ਸਾਲ ਚਮੜੀ ਦੇ ਕੈਂਸਰ ਦੇ 15 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ। 2040 ਤੱਕ ਇਸਦੀ ਗਿਣਤੀ ਵਿੱਚ ਲਗਭਗ 50 ਫੀਸਦੀ ਵਾਧਾ ਹੋਣ ਦੀ ਉਮੀਦ ਹੈ।
ਸ਼ੁਰੂਆਤ ਵਿੱਚ ਹੀ ਚਮੜੀ ਦੇ ਕੈਂਸਰ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਕਿਹੜੇ ਲੋਕਾਂ ਨੂੰ ਇਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਦੁਨੀਆਂ ਭਰ ਵਿੱਚ ਚਮੜੀ ਦੇ ਕੈਂਸਰ ਦਾ ਮੁੱਖ ਕਾਰਨ ਸੂਰਜ ਤੋਂ ਆਉਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਹਨ। ਸੂਰਜ ਦੀਆਂ ਇਹ ਕਿਰਨਾਂ ਕਾਰਸੀਨੋਜੇਨਿਕ ਹੁੰਦੀਆਂ ਹਨ, ਭਾਵ ਇਨ੍ਹਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ।
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਚਮੜੀ ਦੇ ਮਾਹਿਰ ਪ੍ਰੋਫੈਸਰ ਸੋਮੇਸ਼ ਗੁਪਤਾ ਕਹਿੰਦੇ ਹਨ, “ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਚਮੜੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜੇਕਰ ਸਰੀਰ ਕਈ ਸਾਲਾਂ ਤੱਕ ਹਰ ਰੋਜ਼ ਲੰਬੇ ਸਮੇਂ ਤੱਕ ਧੁੱਪ ਦੇ ਸੰਪਰਕ ਵਿੱਚ ਰਹਿੰਦਾ ਹੈ, ਤਾਂ ਕੁਝ ਲੋਕਾਂ ਨੂੰ ਇਸ ਦਾ ਖ਼ਤਰਾ ਹੋ ਸਕਦਾ ਹੈ।”
ਧੁੱਪ ਵਿੱਚ ਕੰਮ ਕਰਨ ਦਾ ਮਤਲਬ ਹੈ ਕਿ ਖੇਤਾਂ, ਖੁੱਲ੍ਹੇ ਮੈਦਾਨਾਂ ਅਤੇ ਹੋਰ ਥਾਵਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।








