ਗੁਰਦਾਸਪੁਰ, 29 ਅਗਸਤ, 2025 (ਸ਼ਹੀਦ—ਏ—ਆਜ਼ਮ ਬਿਓਰੋ): ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਿਆਹ ਪੁਰਬ ਦੇ ਮੱਦੇਨਜ਼ਰ 30 ਅਗਸਤ 2025 ਨੂੰ ਬਟਾਲਾ ਸ਼ਹਿਰ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਦੇ ਰੂਲ 37 (9) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ 29 ਅਗਸਤ 2025 ਨੂੰ ਜਾਰੀ ਕੀਤੇ ਪੱਤਰ ਰਾਹੀਂ ਵੀ ਇਸ ਫ਼ੈਸਲੇ ਨੂੰ ਪ੍ਰਵਾਨਗੀ ਮਿਲੀ ਹੈ।
ਆਦੇਸ਼ ਅਨੁਸਾਰ, ਨਗਰ ਨਿਗਮ ਬਟਾਲਾ ਦੀ ਹਦੂਦ ਅੰਦਰ ਸਾਰੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਨਾ ਸਿਰਫ਼ ਠੇਕੇ, ਬਲਕਿ ਸ਼ਰਾਬ ਦੀ ਵਿਕਰੀ ਅਤੇ ਸਟੋਰੇਜ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ। ਇਸੇ ਤਰ੍ਹਾਂ, ਬਟਾਲਾ ਸ਼ਹਿਰ ਦੇ ਸਾਰੇ ਹੋਟਲ, ਕਲੱਬ ਅਤੇ ਉਹ ਅਹਾਤੇ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਮਨਜ਼ੂਰੀ ਹੈ, ਉਹ ਵੀ 30 ਅਗਸਤ ਨੂੰ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਤੇ ਪੂਰੇ ਪੰਜਾਬ ਵਿੱਚ ਹੀ ਡ੍ਰਾਈ ਡੇਅ ਹੋਣਾ ਚਾਹੀਦਾ ਹੈ।
