ਕਰਤਾਰਪੁਰ 28 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਰਾਵੀ ਵਿੱਚ ਪਾਣੀ ਵਧਣ ਕਾਰਨ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਉਧਰ ਜੇਕਰ ਭਾਰਤ ਵਾਲੇ ਪਾਸੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਵਿਚਲੇ ਵਧੇ ਪਾਣੀ ਦੇ ਪੱਧਰ ਕਾਰਨ ਰਣਜੀਤ ਸਾਗਰ ਡੈਮ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਅਤੇ ਇਸ ਵਿਚਾਲੇ ਦੋ ਫਲੱਡ ਗੇਟ ਤੇਜ਼ ਵਹਾਅ ਕਾਰਨ ਰੁੜ ਗਏ ਹਨ। ਇਸ ਤੋਂ ਲਹਿੰਦੇ ਪੰਜਾਬ ਵਿੱਚ ਤਿੰਨ ਦਰਿਆਵਾਂ, ਚਨਾਬ, ਰਾਵੀ ਅਤੇ ਸਤਲੁਜ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ।

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਰਾਵੀ ਦਰਿਆ ਦਾ ਪਾਣੀ ਆਉਣ ਕਾਰਨ ਉੱਤੇ ਫਸੇ ਕਰੀਬ 100 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਰਾਵੀ ਦਰਿਆ ਵਿੱਚ ਭਾਰੀ ਹੜ੍ਹ ਆਉਣ ਕਾਰਨ, ਪਾਣੀ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾਖ਼ਲ ਹੋ ਗਿਆ ਹੈ। ਕਰਤਾਰਪੁਰ ਪ੍ਰੋਜੈਕਟ ਦੇ ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਗੁਰਦੁਆਰਾ ਕਰਤਾਰਪੁਰ ਵਿੱਚ ਪਾਣੀ ਦਾਖ਼ਲ ਹੋਣ ਕਾਰਨ 18 ਸਥਾਨਕ ਸ਼ਰਧਾਲੂਆਂ ਸਣੇ ਤਕਰੀਬਨ 100 ਲੋਕ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ।
ਕਰਤਾਰਪੁਰ ਪ੍ਰਸ਼ਾਸਨ ਦੇ ਅਨੁਸਾਰ, ਬਚਾਏ ਗਏ ਸਾਰੇ ਲੋਕਾਂ ਨੂੰ ਨੇੜਲੀ ਸੜਕ ‘ਤੇ ਪਹੁੰਚਾਇਆ ਗਿਆ ਹੈ ਅਤੇ ਹੁਣ ਇੱਥੋਂ ਹੈਲੀਕਾਪਟਰ ਰਾਹੀਂ ਨਾਰੋਵਾਲ ਸ਼ਹਿਰ ਪਹੁੰਚਾਇਆ ਜਾਵੇਗਾ, ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ।