ਕੋਲਕਾਤਾ 24 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਹ ਆਪਣੀ “ਸੱਤਾ ਦੀ ਭੁੱਖ” ਨੂੰ ਸੰਤੁਸ਼ਟ ਕਰਨ ਲਈ ਘੁਸਪੈਠ ਨੂੰ ਉਤਸ਼ਾਹਿਤ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਘੁਸਪੈਠੀਆਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ‘ਇਹ ਦੇਸ਼ ਹੁਣ ਘੁਸਪੈਠੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਉਨ੍ਹਾਂ ਨੂੰ ਭਾਰਤ ਵਿੱਚ ਨਹੀਂ ਰਹਿਣ ਦੇਵਾਂਗੇ, ਇਸੇ ਲਈ ਸਾਡੀ ਸਰਕਾਰ ਨੇ ਘੁਸਪੈਠੀਆਂ ਵਿਰੁੱਧ ਇੰਨੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ।’
ਮੋਦੀ ਨੇ ਕਿਹਾ ਕਿ ਸੱਤਾ ਦੀ ਭੁੱਖ ਵਿੱਚ, ਇਹ ਪਾਰਟੀਆਂ ਘੁਸਪੈਠ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਸਮੇਤ ਕੁਝ ਰਾਜਨੀਤਿਕ ਪਾਰਟੀਆਂ ਤੁਸ਼ਟੀਕਰਨ ਦੀ ਰਾਜਨੀਤੀ ਅੱਗੇ ਝੁਕ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਯਕੀਨੀ ਬਣਾਉਣ ਲਈ ਕਿ ਘੁਸਪੈਠੀਏ ਬੰਗਾਲ ਅਤੇ ਦੇਸ਼ ਛੱਡ ਕੇ ਚਲੇ ਜਾਣ, ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਜਾਣਾ ਪਵੇਗਾ। ਸਿਰਫ਼ ਤੁਹਾਡੀ ਵੋਟ ਹੀ ਇਹ ਯਕੀਨੀ ਬਣਾ ਸਕਦੀ ਹੈ ਕਿ ਇਨ੍ਹਾਂ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ।’
ਸਰਹੱਦੀ ਰਾਜ ਪੱਛਮੀ ਬੰਗਾਲ ਨੂੰ ਖਾਸ ਤੌਰ ‘ਤੇ ਕਮਜ਼ੋਰ ਦੱਸਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਘੁਸਪੈਠੀਏ “ਅਰਥਵਿਵਸਥਾ ‘ਤੇ ਦਬਾਅ ਪਾ ਰਹੇ ਹਨ ਅਤੇ ਸਾਡੀਆਂ ਮਾਵਾਂ ਅਤੇ ਭੈਣਾਂ ‘ਤੇ ਅੱਤਿਆਚਾਰ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਤ੍ਰਿਣਮੂਲ ਕਾਂਗਰਸ ‘ਤੇ ਬੰਗਾਲ ਵਿੱਚ ਵਿਕਾਸ ਵਿੱਚ ਰੁਕਾਵਟ ਪਾਉਣ ਦਾ ਦੋਸ਼ ਵੀ ਲਗਾਇਆ ਹੈ। ਪੀਐਮ ਮੋਦੀ ਨੇ ਅੱਗੇ ਕਿਹਾ, “ਪੱਛਮੀ ਬੰਗਾਲ ਇੱਕ ਸਰਹੱਦੀ ਰਾਜ ਹੈ। ਜਿਸ ਤਰ੍ਹਾਂ ਸਰਹੱਦੀ ਖੇਤਰਾਂ ਵਿੱਚ ਜਨਸੰਖਿਆ ਬਦਲ ਰਹੀ ਹੈ, ਉਹ ਪੱਛਮੀ ਬੰਗਾਲ ਵਿੱਚ ਇੱਕ ਸਮਾਜਿਕ ਸੰਕਟ ਵੀ ਪੈਦਾ ਕਰ ਰਹੀ ਹੈ।” ਖਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਆਦਿਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ। ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇਸ ਨੂੰ ਰੋਕਣਾ ਪਵੇਗਾ। ਇਸੇ ਲਈ ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਘੁਸਪੈਠ ਵਿਰੁੱਧ ਇੱਕ ਵਿਸ਼ੇਸ਼ ਜਨਸੰਖਿਆ ਮਿਸ਼ਨ ਦਾ ਐਲਾਨ ਕੀਤਾ ਹੈ।”
