ਪਟਿਆਲਾ (ਨਿਊਜ਼ ) – ਪਿੰਡ ਬਾਰਨ ਦੀ ਪੰਚਾਇਤ ਭੰਗ ਅਤੇ ਸਾਬਕਾ ਸਰਪੰਚ ਹਰਚੰਦ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਨੂੰ ਲੈ ਕੇ ਅੱਜ ਕਾਂਗਰਸੀ ਆਗੂਆਂ ਨੇ ਭਾਰੀ ਰੋਸ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰ ਕਾਂਗਰਸੀਆਂ ਆਗੂਆਂ ਵਿੱਚ ਹਰਬੀਰ ਢੀਂਡਸਾ, ਰਿਚੀ ਡਕਾਲਾ, ਮਲਕੀਤ ਭਾਈਆ, ਸੇਵਾ ਬਰਸਾਤ ਹਾਜ਼ਰ ਸਨ.
ਸਾਬਕਾ ਸਰਪੰਚ ਹਰਚੰਦ ਸਿੰਘ ਯੂਥ ਪ੍ਰਧਾਨ ਪੰਜਾਬ ਮੋਹਿਤ ਮਹਿੰਦਰਾ ਨੇ ਕਿਹਾ ਕਿ ਇਹ ਪਰਚਾ ਰਾਜਨੀਤਿਕ ਰੰਗ ਨਾਲ ਪ੍ਰੇਰਿਤ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਸਰਪੰਚ ਹਰਚੰਦ ਸਿੰਘ ਨੇ ਹਮੇਸ਼ਾ ਪਿੰਡ ਵਾਸੀਆਂ ਦੇ ਹਿਤਾਂ ਲਈ ਕੰਮ ਕੀਤਾ ਹੈ, ਪਰ ਹੁਣ ਸਰਕਾਰ ਉਸ ’ਤੇ ਬੇਬੁਨਿਆਦ ਕੇਸ ਕਰ ਕੇ ਡਰਾਉਣੀ ਨੀਤੀ ਅਪਣਾ ਰਹੀ ਹੈ।
ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਨੇ ਇਸ ਮਾਮਲੇ ਵਿੱਚ ਆਪ ਦੇ ਕੈਬਨਿਟ ਮੰਤਰੀ ’ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ, “ਅੱਖਾਂ ਦੇ ਡਾਕਟਰ ਹੋ ਕੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾ ਰਹੇ ਹਨ। ਸੱਚਾਈ ਨੂੰ ਛੁਪਾਉਣ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਨੇ ਕਾਂਗਰਸੀ ਆਗੂਆਂ ਖ਼ਿਲਾਫ਼ ਪਰਚੇ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਜੋ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ।”
ਮੋਹਿਤ ਮਹਿੰਦਰਾ ਨੇ ਸਾਫ਼ ਕਿਹਾ ਕਿ ਕਾਂਗਰਸ ਕਿਸੇ ਵੀ ਤਰ੍ਹਾਂ ਦੇ ਧੱਕੇਸ਼ਾਹੀ ਦੇ ਸਾਹਮਣੇ ਨਹੀਂ ਝੁਕੇਗੀ। “ਸਰਕਾਰ ਸੋਚਦੀ ਹੈ ਕਿ ਪਰਚੇ ਦਰਜ ਕਰ ਕੇ ਕਾਂਗਰਸ ਨੂੰ ਚੁੱਪ ਕਰਵਾ ਲਵੇਗੀ, ਪਰ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ। ਜਿੱਥੇ-ਜਿੱਥੇ ਲੋੜ ਪਈ, ਉੱਥੇ ਸੜਕਾਂ ’ਤੇ ਉਤਰ ਕੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂਗੇ।”
ਇਸ ਮੌਕੇ ਮੋਹਿਤ ਮਹਿੰਦਰਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹ ਬੇਬੁਨਿਆਦ ਪਰਚਾ ਵਾਪਸ ਨਾ ਲਿਆ ਤਾਂ ਜ਼ਿਲ੍ਹਾ ਪੱਧਰ ਹੀ ਨਹੀਂ, ਸੂਬਾ ਪੱਧਰ ’ਤੇ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਇਕੱਠੇ ਹਨ ਅਤੇ ਕਿਸਾਨਾਂ, ਪਿੰਡ ਵਾਸੀਆਂ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਆਖ਼ਰੀ ਸਾਹ ਤੱਕ ਲੜੀ ਜਾਵੇਗੀ।
ਪਿੰਡ ਬਾਰਨ ਦੀ ਪੰਚਾਇਤ ਭੰਗ ਅਤੇ ਸਾਬਕਾ ਸਰਪੰਚ ਹਰਚੰਦ ਸਿੰਘ ਖ਼ਿਲਾਫ਼ ਦਰਜ ਪਰਚੇ ਨੇ ਨਾ ਸਿਰਫ਼ ਪਟਿਆਲਾ ਜ਼ਿਲ੍ਹੇ ’ਚ, ਸਗੋਂ ਪੂਰੇ ਖੇਤਰ ਵਿੱਚ ਰਾਜਨੀਤਿਕ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ ਕਾਂਗਰਸੀ ਆਗੂ ਇਸਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਦੱਸ ਰਹੇ ਹਨ, ਦੂਜੇ ਪਾਸੇ ਸਰਕਾਰ ਦੀ ਚੁੱਪ ਨੇ ਲੋਕਾਂ ਦੇ ਮਨ ਵਿੱਚ ਸਵਾਲ ਖੜ੍ਹੇ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
