ਦਿੱਲੀ ਦੇ ਜਹਾਂਗੀਰਪੁਰੀ ਥਾਣਾ ਖੇਤਰ ਦੇ ਸ਼ਾਹ ਆਲਮ ਰੋਡ ‘ਤੇ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਦੇ ਅਨੁਸਾਰ, ਏਏਟੀਐਸ ਇੰਸਪੈਕਟਰ ਜਤਿੰਦਰ ਤਿਵਾੜੀ ਅਤੇ ਸਬ-ਇੰਸਪੈਕਟਰ ਰਵੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ 307 ਦੇ ਮਾਮਲੇ ਵਿੱਚ ਫਰਾਰ ਨਿਤਿਨ ਉਰਫ ਚੋਰ ਜਹਾਂਗੀਰਪੁਰੀ ਖੇਤਰ ‘ਚ ਮੌਜੂਦ ਹੈ। ਜਦੋਂ ਟੀਮ ਨੇ ਉਸਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਪਰਾਧੀ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ।
ਇਸ ਜਵਾਬੀ ਕਾਰਵਾਈ ਵਿੱਚ, ਏ.ਏ.ਟੀ. ਐਸ ਦੇ ਏ.ਐਸ.ਆਈ ਅਧਿਕਾਰੀ ਨੇ ਵੀ ਅਪਰਾਧੀ ‘ਤੇ ਦੋ ਗੋਲੀਆਂ ਚਲਾਈਆਂ, ਜਿਸ ਵਿੱਚ ਨਿਤਿਨ ਉਰਫ ਚੋਰ ਦੀ ਲੱਤ ’ਤੇ ਗੋਲੀ ਲੱਗੀ। ਮੁਕਾਬਲੇ ਦੌਰਾਨ ਬੁਲੇਟਪਰੂਫ ਜੈਕੇਟ ਕਾਰਨ ਇੱਕ ਪੁਲਿਸ ਕਾਂਸਟੇਬਲ ਦੀ ਜਾਨ ਬਚ ਗਈ।
ਇਸ ਮਗਰੋਂ ਜ਼ਖਮੀ ਬਦਮਾਸ਼ ਨਿਤਿਨ ਉਰਫ਼ ਚੋਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੁਲਜ਼ਮ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨਿਤਿਨ ਉਰਫ਼ ਚੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਫਿਲਹਾਲ ਪੁਲਿਸ ਵੱਲੋਂ ਸਬੰਧਤ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
