ਪਟਿਆਲਾ 23 ਜੂਨ ( ) – ਆਮ ਆਦਮੀ ਪਾਰਟੀ ਨੇ ਲੁਧਿਆਣਾ ਵਿੱਚ ਹੋਈਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ, ਜੋ ਪਾਰਟੀ ਦੇ ਪੰਜਾਬ ਵਿੱਚ ਮਜ਼ਬੂਤ ਹੋਣ ਦਾ ਸੰਕੇਤ ਦਿੰਦੀ ਹੈ। ਇਹ ਪ੍ਰਗਟਾਵਾ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ, ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ, ਚੇਅਰਮੈਨ ਹਨੀ ਮਾਹਲਾ, ਰਾਜਬੰਸ ਸਿੰਘ ਅਤੇ ਹੋਰ ਆਪ ਆਗੂਆਂ ਨੇ ਆਪ ਦੀ ਲੁਧਿਆਣਾ ਜਿੱਤ ਅਤੇ ਗੁਜਰਾਤ ਵਿਚਲੀ ਵਿਧਾਨ ਸਭਾ ਸੀਟ ਦੀ ਜਿੱਤ ਦਾ ਜਸ਼ਨ ਮਨਾਉਂਦਿਆ ਮੁੱਖ ਦਫਤਰ ਪੀ ਆਰ ਟੀ ਸੀ ਵਿਖੇ ਕੀਤਾ। ਉਪਰੋਕਤ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਜਿੱਤ ਨਾਲ ਨਾ ਸਿਰਫ਼ ਪੰਜਾਬ ਦੀ ਸਿਆਸੀ ਤਸਵੀਰ ਨੂੰ ਬਦਲ ਦਿੱਤਾ ਹੈ, ਬਲਕਿ ਇਹ ਵੀ ਦਿਖਾਇਆ ਹੈ ਕਿ ਪੰਜਾਬ ਦੀ ਜਨਤਾ ਨੂੰ ਪੁਰਾਣੀਆਂ ਪਾਰਟੀਆਂ ਦੀ ਬਜਾਏ ਨਵੇਂ ਵਿਕਲਪਾਂ ਤੇ ਭਰੋਸਾ ਹੈ। ਇਹ ਚੋਣ ਨਤੀਜਾ ਪੰਜਾਬ ਵਿੱਚ ਆਪ ਦੀ ਵਧ ਰਹੀ ਪਕੜ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਇੱਕ ਮਹੱਤਵਪੂਰਨ ਜਿੱਤ ਵਜੋਂ ਵੀ ਦੇਖਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਅਤੇ ਗੁਜਰਾਤ ਵਿਚਲੀ ਵਿਧਾਨ ਸਭਾ ਸੀਟ ‘ਤੇ ਹੋਈਆਂ ਉਪ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 2022 ਤੋਂ ਪਹਿਲਾਂ, ਇਹ ਸੀਟ ਕਾਂਗਰਸ ਦੇ ਗੜ੍ਹ ਵਰਗੀ ਸੀ। ਅਰੋੜਾ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।
ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਲੁਧਿਆਣਾ ਵਿੱਚ ਆਪ ਦੇ ਉਮੀਦਵਾਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ, ਜਿਸ ਵਿੱਚ ਪਾਰਟੀ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਰੰਪਰਾਗਤ ਪਾਰਟੀਆਂ ਤੋਂ ਕਿਤੇ ਵੱਧ ਵੋਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜੋ ਸਾਫ਼ ਦਿਖਾਉਂਦਾ ਹੈ ਕਿ ਪੰਜਾਬ ਵਿੱਚ ਦੀ ਰਾਜਨਿਤੀ ਬਦਲਾਅ ਚਾਹੁੰਦੀ ਹੈ। ਉਨਾ ਕਿਹਾ ਕਿ ਆਪ ਦਾ ਮੁੱਖ ਏਜੰਡਾ ਭ੍ਰਿਸ਼ਟਾਚਾਰ ਵਿਰੋਧੀ ਰਹਿਆ ਹੈ, ਜੋ ਪੰਜਾਬੀਆਂ ਨੂੰ ਖ਼ਾਸਕਰ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ। ਸਕੂਲਾਂ ਅਤੇ ਹਸਪਤਾਲਾਂ ਦਾ ਸੁਧਾਰ, ਯੂਥ ਲਈ ਰੋਜ਼ਗਾਰ ਦੇ ਨਵੇਂ ਅਵਸਰ ਅਤੇ ਹੋਰ ਲੋਕ ਪੱਖੀ ਕੰਮਾਂ ਵਿਚਲੀ ਆਮ ਆਦਮੀ ਪਾਰਟੀ ਦੀ ਪਹਿਲ ਨੇ ਹੀ ਇਹ ਜਿੱਤ ਦਾ ਸਿਹਰਾ ਆਪ ਦੇ ਸਿਰ ਬੰਨਿਆ ਹੈ।
ਫੋਟੋ – ਜਿੱਤ ਦਾ ਜਸ਼ਨ ਮਨਾਉਂਦਿਆ ਮੇਅਰ ਕੁੰਦਨ ਗੋਗੀਆ ਅਤੇ ਹੋਰ ਆਪ ਦੇ ਸੀਨੀਅਰ ਆਗੂ ਚੇਅਰਮੈਨ ਹਡਾਣਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ
