ਪਟਿਆਲਾ, 22 ਮਈ — ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਤਰਸ ਦੇ ਆਧਾਰ ‘ਤੇ ਰੋਜ਼ਗਾਰ ਦੇਣ ਦੇ ਉਪਰਾਲੇ ਤਹਿਤ ਦੋ ਪੀੜਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਜਿੰਦਰ ਕੌਰ ਨੂੰ ਸਫਾਈ ਸੇਵਕਾ ਅਤੇ ਸਹਿਜਪ੍ਰੀਤ ਸਿੰਘ ਨੂੰ ਸੇਵਾਦਾਰ ਵਜੋਂ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਜਾਰੀ ਕੀਤੇ।
ਇਸ ਮੌਕੇ ਡੀਈਓ ਸੰਜੀਵ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਜਾਰੀ ਹਦਾਇਤਾਂ ਦੇ ਅਧਾਰ ‘ਤੇ ਵਿਭਾਗ ਵੱਲੋਂ ਪ੍ਰਾਪਤ ਤਰਸ ਦੇ ਕੇਸਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਨਿਯਮਾਂ ਦੇ ਅਨੁਕੂਲ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਦਰ ਕੌਰ ਅਤੇ ਸਹਿਜਪ੍ਰੀਤ ਸਿੰਘ ਵੱਲੋਂ ਦਿੱਤੀਆਂ ਗਈਆਂ ਬੇਨਤੀਆਂ ਨੂੰ ਪੂਰੀ ਸਾਵਧਾਨੀ ਅਤੇ ਤੱਥਾਂ ਦੀ ਪੁਸ਼ਟੀ ਕਰਕੇ ਪਹਿਲ ਅਧਾਰ ‘ਤੇ ਵਿਚਾਰਿਆ ਗਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਨੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹੁਣ ਉਹ ਵਿਭਾਗ ਦਾ ਅਟੁੱਟ ਹਿੱਸਾ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾ ਕੇ ਵਿਭਾਗ ਦੇ ਮਾਣ ਵਿੱਚ ਵਾਧਾ ਕਰਨ।
ਇਸ ਮੌਕੇ ਸੰਤੋਸ਼ ਸ਼ਰਮਾ ਦਫਤਰ ਸੁਪਰਡੈਂਟ, ਜਸਪਾਲ ਸ਼ਰਮਾ, ਨਰਿੰਦਰ ਕੁਮਾਰ ਸਮੇਤ ਹੋਰ ਦਫ਼ਤਰੀ ਅਧਿਕਾਰੀ ਵੀ ਮੌਜੂਦ ਸਨ।