ਰਾਜਪੁਰਾ, ਘਨੌਰ 16 ਮਈ:
ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਨੂੰ ਠੱਲ ਪਾ ਦਿੱਤੀ ਹੈ। ਦੋਵੇਂ ਵਿਧਾਇਕ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜਮੀਨੀ ਪੱਧਰ ਤੱਕ ਪੁੱਜਦਾ ਕਰਨ ਤੇ ਆਮ ਲੋਕਾਂ ਨੂੰ ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਲਾਮਬੰਦ ਕਰਨ ਲਈ ਨਸ਼ਾ ਮੁਕਤੀ ਯਾਤਰਾ ਤਹਿਤ ਹਲਕੇ ਦੇ ਪਿੰਡਾਂ ਉਲਾਣਾ, ਬਸੰਤਪੁਰਾ, ਪੜਾਓ ਅਤੇ ਜਰੀਕਪੁਰ, ਰੁਕੜੀ ਤੇ ਰੁੜਕਾ ਵਿਖੇ ਪੁੱਜੇ ਹੋਏ ਸਨ।
ਨੀਨਾ ਮਿੱਤਲ ਤੇ ਗੁਰਲਾਲ ਘਨੌਰ ਨੇ ਇਸ ਮੌਕੇ ਪਿੰਡਾਂ ਦੇ ਵਸਨੀਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਨੂੰ ਖ਼ਤਮ ਕਰਨ ਲਈ ਉਲੀਕੀ ਬਹੁ ਪਰਤੀ ਯੋਜਨਾਬੰਦੀ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਇਸ ਦੌਰਾਨ ਹਲਕਿਆਂ ਦੇ ਪਿੰਡਾਂ ਦੇ ਪੰਚ ਸਰਪੰਚ, ਬੀ.ਡੀ.ਪੀ.ਓਜ, ਐਸ.ਐਮ.ਓਜ, ਥਾਣਿਆਂ ਤੇ ਪੁਲਿਸ ਚੌਂਕੀਆਂ ਦੇ ਮੁਖੀ ਵੀ ਸ਼ਿਰਕਤ ਕਰ ਰਹੇ ਸਨ।
ਨੀਨਾ ਮਿੱਤਲ ਤੇ ਗੁਰਲਾਲ ਘਨੌਰ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਮਾਰਚ ਨੂੰ ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰਾਂ ਨੂੰ ਨਾਲ ਲੈਕੇ ਹਰ ਪਿੰਡ, ਕਸਬੇ ਤੇ ਸ਼ਹਿਰਾਂ ਦੇ ਵਾਰਡਾਂ ਤੱਕ ਪਹੁੰਚਿਆ ਜਾ ਰਿਹਾ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਯੁੱਧ ਜਿੱਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਬਹੁ ਪਰਤੀ ਨੀਤੀ ਬਣਾਈ ਹੈ, ਜਿਸ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਲੋਕਾਂ ਤੋਂ ਫੀਡਬੈਕ ਹਾਸਲ ਕਰਕੇ ਇਲਾਕੇ ਦੇ ਨਸ਼ਾ ਤਸਕਰਾਂ ਦੀ ਸੂਹ ਲੈ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਜਿਹੜੇ ਵਿਅਕਤੀ ਨਸ਼ਿਆਂ ਦੀ ਲਤ ਦਾ ਸ਼ਿਕਾਰ ਹਨ, ਉਨ੍ਹਾਂ ਦੇ ਇਲਾਜ ਤੇ ਪੁਨਰਵਾਸ ਲਈ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ।
************
ਫੋਟੋ ਕੈਪਸ਼ਨ-ਵਿਧਾਇਕ ਗੁਰਲਾਲ ਘਨੌਰ ਆਪਣੇ ਹਲਕੇ ਦੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਯੁੱਧ ਤਹਿਤ ਨਸ਼ਾ ਮੁਕਤੀ ਮਾਰਚ ਦੌਰਾਨ ਲੋਕਾਂ ਵਿੱਚ ਪਹੁੰਚ ਬਣਾਉਂਦੇ ਹੋਏ।
-ਹਲਕਾ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਨਸ਼ਾ ਮੁਕਤੀ ਮਾਰਚ ਤਹਿਤ ਹਲਕੇ ਦੇ ਪਿੰਡਾਂ ਵਿੱਚ ਸ਼ਿਰਕਤ ਕਰਨ ਮੌਕੇ।