ਪਟਿਆਲਾ, 12 ਮਈ:
ਪਟਿਆਲਾ ਜ਼ਿਲ੍ਹੇ ਵਿੱਚ ਦੋ ਸਾਲ ਪਹਿਲਾਂ ਆਏ ਹੜ੍ਹਾਂ ਦੇ ਮੱਦੇਨਜ਼ਰ ਮਾਨਸੂਨ ਸੀਜ਼ਨ ਤੋਂ ਪਹਿਲਾਂ ਤੇ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਪਹਿਲਾਂ ਆਏ ਹੜ੍ਹਾਂ ਕਰਕੇ ਘੱਗਰ ਤੇ ਹੋਰਨਾਂ ਨਦੀਆਂ, ਨਾਲਿਆਂ ‘ਚ ਜਿੱਥੇ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਦਾ ਦੌਰਾ ਕਰਕੇ ਤਾਜਾ ਸਥਿਤੀ ਦੀ ਰਿਪੋਰਟ ਸੌਪੀ ਜਾਵੇ ਤਾਂ ਕਿ ਭਵਿੱਖ ਵਿੱਚ ਹੋਰ ਵੀ ਮਜ਼ਬੂਤ ਪ੍ਰਬੰਧ ਕਰਨੇ ਯਕੀਨੀ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਜ਼ਿਲ੍ਹੇ ਦੀਆਂ ਅਜਿਹੀਆਂ ਥਾਵਾਂ ਦਾ ਦੌਰਾ ਕਰਨਗੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ, ਟਾਂਗਰੀ, ਝੰਬੋ ਵਾਲੀ ਚੋਅ, ਸਰਹਿੰਦ ਚੋਅ, ਵੱਡੀ ਨਦੀ ਤੇ ਛੋਟੀ ਨਦੀ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੀ ਸਫਾਈ ਤੇ ਬੰਨ੍ਹ ਮਜ਼ਬੂਤ ਕਰਨ ਦੀ ਕਾਰਵਾਈ ਕਰਨ ਲਈ ਅਗੇਤੇ ਯਤਨ ਅਰੰਭੇ ਜਾਣ।
ਡਾ ਪ੍ਰੀਤੀ ਯਾਦਵ ਨੇ ਜਲ ਨਿਕਾਸ, ਸਿੰਚਾਈ, ਲੋਕ ਨਿਰਮਾਣ, ਮੰਡੀ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਕਮਿਉਨੀਕੇਸ਼ਨ ਪਲਾਨ, ਹੜ੍ਹ ਕੰਟਰੋਲ ਰੂਮ, ਹੜ੍ਹਾਂ ਤੋਂ ਬਚਾਅ ਲਈ ਯੋਜਨਾ ਸਮੇਤ ਭਾਰਤੀ ਫ਼ੌਜ, ਐਨ.ਡੀ.ਆਰ.ਐਫ, ਪੁਲਿਸ ਦਾ ਅੰਤਰ-ਏਜੰਸੀ ਤਾਲਮੇਲ ਅਤੇ ਹੋਰ ਵਿਭਾਗਾਂ ਦੀ ਆਫ਼ਤ ਪ੍ਰਬੰਧਨ ਯੋਜਨਾ ‘ਤੇ ਵੀ ਚਰਚਾ ਕੀਤੀ।
ਉਨ੍ਹਾਂ ਨੇ ਡਰੇਨੇਜ ਵਿਭਾਗ ਨੂੰ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਜਿੱਥੇ ਪਿਛਲੇ ਸਾਲਾਂ ‘ਚ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਂਵਾਂ ਉਪਰ ਮੁੜ ਤੋਂ ਨਜ਼ਰਸਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਪੁੱਲਾਂ ਤੇ ਸੜਕਾਂ ਦੀ ਸੁਰੱਖਿਆ ਦੇ ਸਰਟੀਫਿਕੇਟ ਜਮ੍ਹਾਂ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗਾਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਤ ਰਹੇ ਪਿੰਡਾਂ ਤੇ ਇਲਾਕਿਆਂ ਮੁਤਾਬਕ ਖਾਲੀ ਥੈਲੇ ਮਿੱਟੀ ਨਾਲ ਭਰਕੇ ਅਗੇਤੇ ਹੀ ਰੱਖਣ ਲੈਣ। ਇਸ ਤੋਂ ਬਿਨ੍ਹਾਂ ਵੱਡੇ ਪਾੜ ਪੈਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਬੰਨ੍ਹਣ ਲਈ ਲੋਹੇ ਦੀਆਂ ਤਾਰਾਂ ਦੇ ਜਾਲ ਤੇ ਬਾਂਸ ਦੇ ਜਾਲ ਵੀ ਬਣਵਾਏ ਜਾਣ ਤਾਂ ਕਿ ਹੰਗਾਮੀ ਸਥਿਤੀ ਮੌਕੇ ਪਾੜ ਤੁਰੰਤ ਪੂਰੇ ਜਾ ਸਕਣ ਦੀ ਕਾਰਵਾਈ ਕੀਤੀ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਪੁਲੀਆਂ, ਕਲਵਰਟ, ਸਾਈਫ਼ਨ, ਨਾਲਿਆਂ ਤੇ ਛੱਪੜਾਂ ਤੇ ਹੋਰ ਨਿਕਾਸੀ ਨਾਲਿਆਂ ਆਦਿ ਦੀ ਸਾਫ਼ ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਸੜਕਾਂ ਦਾ ਰੋਡ ਮੈਪ, ਜੇ.ਸੀ.ਬੀਜ਼, ਜੰਬੋ ਬੈਗ, ਹੜ੍ਹ ਦੀ ਸਥਿਤੀ ‘ਚ ਨਾਗਰਿਕਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖੇ ਜਾਣ ਲਈ ਰਾਹਤ ਕੈਂਪਾਂ, ਬਚਾਅ ਕਾਰਜਾਂ, ਪਸ਼ੂਆਂ ਲਈ ਹਰੇ ਚਾਰੇ ਦੇ ਪ੍ਰਬੰਧਾਂ, ਖਾਣ-ਪੀਣ ਦਾ ਪ੍ਰਬੰਧ, ਮੈਡੀਕਲ ਟੀਮਾਂ ਤੇ ਦਵਾਈਆਂ, ਕਿਸ਼ਤੀਆਂ, ਲਾਈਫ ਜੈਕਟਾਂ, ਰੇਨਕੋਟ, ਛਤਰੀਆਂ ਤੇ ਹੋਰ ਮਹੱਤਵਪੂਰਨ ਵਸਤਾਂ ਦੀ ਉਪਲਬਧਤਾ ਆਦਿ ਦਾ ਵੀ ਜਾਇਜ਼ਾ ਲਿਆ।
ਮੀਟਿੰਗ ‘ਚ ਏ.ਡੀ.ਸੀਜ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ, ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ, ਐਸ.ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ, ਨਗਰ ਨਿਗਮ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸਮੂਹ ਐਸ.ਡੀ.ਐਮਜ਼, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਭਾਰਤੀ ਫ਼ੌਜ, ਐਨ.ਡੀ.ਆਰ.ਐਫ, ਲੋਕ ਨਿਰਮਾਣ ਵਿਭਾਗ, ਪੇਂਡੂ ਵਿਕਾਸ, ਮੰਡੀ ਬੋਰਡ, ਸਿਹਤ ਵਿਭਾਗ, ਪਸ਼ੂ ਪਾਲਣ, ਬਿਜਲੀ ਨਿਗਮ, ਸਥਾਨਕ ਸਰਕਾਰਾਂ, ਜਲ ਸਪਲਾਈ, ਸੈਨੀਟੇਸ਼ਨ ਤੇ ਸੀਵਰੇਜ ਬੋਰਡ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
***********
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪਟਿਆਲਾ ਹੜ੍ਹਾਂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਰਣਨੀਤੀ ਦੀ ਸਮੀਖਿਆ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਸੀਜ ਇਸ਼ਾ ਸਿੰਗਲ, ਨਵਰੀਤ ਕੌਰ ਸੇਖੋਂ, ਐਸ.ਪੀ. ਪਲਵਿੰਦਰ ਸਿੰਘ ਚੀਮਾ ਤੇ ਹੋਰ ਅਧਿਕਾਰੀ ਨਜ਼ਰ ਆ ਰਹੇ ਹਨ।