ਪਟਿਆਲਾ 25 ਅਪ੍ਰੈਲ : ਜੈਮਸ ਪਬਲਿਕ ਸਕੂਲ ਅਤੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਰਜਿ. ਵੱਲੋਂ ਸਾਝੇ ਤੌਰ ਤੇ ਵਰਲਡ ਮਲੇਰੀਆ ਅਵੇਅਰਨੈਸ ਦਿਵਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੰਜਰੀ ਤੇਜਪਾਲ ਅਤੇ ਉਮੰਗ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਣਯੋਗ ਹੈ ਕਿ ਰੈਲੀ ਤੋਂ ਪਹਿਲਾ ਸਨੌਰ ਦੇ ਬੱਸ ਅੱਡੇ ਵਿਖੇ ਮਲੇਰੀਆਂ ਤੋਂ ਬਚਣ ਸੰਬੰਧੀ ਸਹੀ ਸਮੇਂ ਤੇ ਡਾਕਟਰ ਸਾਹਿਬਾਨ ਨਾਲ ਰਾਬਤਾ ਕਰਨ ਸੰਬੰਧੀ ਸਕੂਲੀ ਬੱਚਿਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ, ਜਿਸ ਦੀ ਇਲਾਕੇ ਦੇ ਲੋਕਾਂ ਨੇ ਕਾਫੀ ਪ੍ਰਸੰਸਾਂ ਕੀਤੀ।
ਰੈਲੀ ਵਿੱਚ ਉਮੰਗ ਵੈੱਲਫੇਅਰ ਫਾਊਂਡੇਸ਼ਨ ਸੰਸਥਾਂ ਤੋਂ ਯੋਗੇਸ਼ ਪਾਠਕ ਖਜਾਨਚੀ ਅਤੇ ਲੀਗਲ ਐਡਵਾਇਜ਼ਰ, ਰਜਿੰਦਰ ਲੱਕੀ ਜਰਨਲ ਸਕੱਤਰ, ਪਰਮਜੀਤ ਸਿੰਘ ਜੁਆਇੰਟ ਸਕੱਤਰ, ਸਤਵਿੰਦਰ ਸਿੰਘ ਸੀਨੀਅਰ ਮੈਂਬਰ ਅਤੇ ਤਾਇਵਾਂਡੋ ਕੋਚ, ਤੀਰਥ ਟੱਕਰ ਰਿਟਾ ਲੈਕਚਰਾਰ ਅਤੇ ਮੈਂਬਰ ਤੋਂ ਇਲਾਵਾ ਜੈਮਲ ਪਬਲਿਕ ਸਕੂਲ ਤੋਂ ਦੀਪਕ ਗਾਂਗਟ, ਹਰਸਿਮਰਨ, ਉਪਿੰਦਰ ਜ਼ੋਸ਼ੀ, ਸਿਮਰਜੀਤ, ਜਗਪਾਲ ਅਤੇ ਹੋਰ ਅਧਿਆਪਕ ਸਾਹਿਬਾਨ ਤੋਂ ਇਲਾਵਾ ਸਕੂਲ ਦਾ ਸਟਾਫ ਮੌਜੂਦ ਰਿਹਾ। ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਦੀਪ ਜੋਸਨ ਪ੍ਰਧਾਨ, ਉਮੰਗ ਦੇ ਪ੍ਰਧਾਨ ਅਰਵਿੰਦਰ ਸਿੰਘ, ਤਰਸੇਮ ਸਿੰਘ ਟੈ੍ਰਫਿਕ ਪੁਲਿਸ ਸਨੌਰ, ਥਾਣਾ ਸਨੌਰ ਦੇ ਏ ਐਸ ਆਈ ਸੁਰਜਨ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਪ੍ਰਦੀਪ ਸਨੌਰ ਨੇ ਕਿਹਾ ਕਿ ਜੈਮਸ ਸਕੂਲ ਦੇ ਵਿਦਿਆਰਥੀਆਂ ਅਤੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਰਜਿ. ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ, ਹੋਰ ਸੰਸਥਾਵਾਂ, ਸਕੂਲਾਂ ਆਦਿ ਨੂੰ ਵੀ ਅਜਿਹੇ ਸਮਾਜ ਸੇਵੀ ਉਪਰਾਲੇ ਜਰੂਰ ਕਰਨੇ ਚਾਹੀਦੇ ਹਨ। ਕਿਉਂਕਿ ਅਕਸਰ ਕਈ ਲੋਕ ਬਿਮਾਰੀ ਬਾਰੇ ਡਾਕਟਰ ਨੂੰ ਦੱਸਣ ਦੀ ਬਜਾਏ ਢੋਂਗੀ ਬਾਬਿਆ ਕੋਲ ਆਪਣਾ ਇਲਾਜ ਕਰਵਾਉਣਾ ਠੀਕ ਸਮਝਦੇ ਹਨ। ਜਿਸ ਨਾਲ ਬਿਮਾਰੀ ਸਹੀ ਟਾਇਮ ਤੇ ਠੀਕ ਹੋਣ ਦੀ ਬਜਾਏ ਹੋਰ ਬਿਗੜ ਜਾਂਦੀ ਹੈ। ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ ਵੀ ਨਵੀਆਂ ਫੋਗਿੰਗ ਮਸ਼ੀਨਾਂ, ਸਫਾਈ ਦੇ ਪੁੱਖਤਾ ਪ੍ਰਬੰਧ, ਲੋਕਾਂ ਨੂੰ ਪੰਛੀਆਂ ਲਈ ਰੱਖ ਪਾਣੀ ਨੂੰ ਰੋਜਾਨਾਂ ਬਦਲਣ ਅਤੇ ਕੂਲਰਾਂ ਵਿੱਚ ਪਾਣੀ ਨਾ ਜਮਾਂ ਹੋਣ ਦੇਣ ਬਾਰੇ ਸਹੀ ਜਾਣਕਾਰੀ ਦੇਣਾ ਆਦਿ ਹੋਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਰੈਲੀ ਦੌਰਾਨ ਸਕੂਲ ਦੀ ਪ੍ਰਿੰਸੀਪਲ ਮੰਜਰੀ ਤੇਜਪਾਲ ਅਤੇ ਉਮੰਗ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਦਿਨ ਬ ਦਿਨ ਮੱਛਰਾਂ ਦੀ ਭਰਮਾਰ ਵਧਦੀ ਜਾ ਰਹੀ ਹੈ ਅਤੇ ਇਸ ਨਾਲ ਮਲੇਰੀਆਂ ਅਤੇ ਹੋਰ ਬਿਮਾਰੀਆਂ ਵਿੱਚ ਵੀ ਇਜਾਫਾ ਹੋਵੇਗਾ। ਉਨਾਂ ਕਿਹਾ ਕਿ ਇਸ ਜਾਗਰੂਕਤਾ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਬਾਰੇ ਜਾਗਰੂਕ ਕਰਨਾਂ ਹੈ, ਤਾਂ ਜ਼ੋ ਲੋਕ ਖੁਦ ਅਤੇ ਆਪਣੇ ਪਰਿਵਾਰਾਂ ਨੂੰ ਵੀ ਇਨ੍ਹਾਂ ਨਾ ਮੁਰਾਦ ਬਿਮਾਰੀਆਂ ਤੋਂ ਬਚਾ ਸਕਣ।