ਘਰ ਦੇ ਪੰਜਾਬ ‘ਯੁੱਧ ਨਸ਼ਿਆਂ ਵਿਰੁੱਧ’: ਨਸ਼ਾ ਛੱਡਣ ਵਾਲਿਆਂ ਲਈ ਵਰਦਾਨ ਬਣਿਆ ਤੇ ਨਸ਼ਾ ਤਸਕਰਾਂ...

‘ਯੁੱਧ ਨਸ਼ਿਆਂ ਵਿਰੁੱਧ’: ਨਸ਼ਾ ਛੱਡਣ ਵਾਲਿਆਂ ਲਈ ਵਰਦਾਨ ਬਣਿਆ ਤੇ ਨਸ਼ਾ ਤਸਕਰਾਂ ਲਈ ਆਫ਼ਤ-ਡਾ. ਬਲਬੀਰ ਸਿੰਘ

0
ਪਟਿਆਲਾ, 23 ਅਪ੍ਰੈਲ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ, ਕਿਉਂਕਿ ਇਸ ਨਾਲ ਨਸ਼ੇ ਛੱਡਣ ਵਾਲੇ ਸਾਹਮਣੇ ਆਉਣ ਲੱਗੇ ਹਨ ਤੇ ਇਹ ਯੁੱਧ ਨਸ਼ਿਆਂ ਦੇ ਤਸਕਰਾਂ ਲਈ ਆਫ਼ਤ ਬਣ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਨਸ਼ਾ ਛੱਡਣ ਵਾਲੇ ਲੋਕਾਂ ਦੀ ਗਿਣਤੀ ‘ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਨਸ਼ਾ ਮੁਕਤੀ ਕੇਂਦਰਾਂ ਵਿਖੇ ਮੌਜੂਦਾ 4000 ਬਿਸਤਰਿਆਂ ਦੀ ਗਿਣਤੀ ਦੁੱਗਣੀ ਕਰਕੇ 8000 ਕਰਨ ਲਈ ਤਿਆਰੀਆਂ ਜੰਗੀ ਪੱਧਰ ‘ਤੇ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਜ ਇਸ ਬਾਬਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਤੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਜਾ ਰਹੇ ਕਾਰਜਾਂ ਦਾ ਮੁਲੰਕਣ ਕੀਤਾ।
ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮੂਹ ਡੀ.ਸੀਜ ਤੇ ਐਸ.ਐਸ.ਪੀਜ਼ ਤੇ ਸਿਵਲ ਸਰਜਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਤੀਆਂ ਹਦਾਇਤਾਂ ਮੁਤਾਬਕ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖਿਆ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਬੱਚਿਆਂ ਲਈ ਐਨਰਜੀ ਡ੍ਰਿੰਕਸ ‘ਤੇ ਬੈਨ ਕੀਤਾ ਗਿਆ ਹੈ ਅਤੇ ਪਿੰਡਾਂ ‘ਚ ਸਕੂਲਾਂ ਦੇ 50 ਮੀਟਰ ਘੇਰੇ ਤੇ ਸ਼ਹਿਰਾਂ ‘ਚ 100 ਮੀਟਰ ਘੇਰੇ ਅੰਦਰ ਐਨਰਜੀ ਡ੍ਰਿੰਕਸ ਨਹੀਂ ਵਿਕ ਸਕਣਗੇ।
ਸਿਹਤ ਮੰਤਰੀ ਨੇ ਜ਼ਿਲ੍ਹਾ ਵਾਰ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਲਈ ਜਿੱਥੇ-ਜਿੱਥੇ ਦਵਾਈਆਂ ਜਾਂ ਕੋਈ ਹੋਰ ਸਹੂਲਤ ਦੀ ਲੋੜ ਹੈ, ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਵਿਖੇ ਖੇਡਾਂ, ਸੀ.ਐਮ ਦੀ ਯੋਗਸ਼ਾਲਾ, ਸਕਿਲ ਸੈਂਟਰ ਦੀ ਸਹੂਲਤ ਪ੍ਰਦਾਨ ਕੀਤੀੇ ਜਾਵੇ, ਉਥੇ ਹੀ ਕਿਸੇ ਵਿਸ਼ੇਸ਼ ਕੇਸ ਵਿੱਚ ਅਦਾਲਤਾਂ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਕਿਸੇ ਖਾਸ ਬੰਦੀ ਦੀ ਨਸ਼ਾ ਮੁਕਤੀ ਲਈ ਸੁਰੱਖਿਅਤ ਨਸ਼ਾ ਮੁਕਤੀ ਕੇਂਦਰਾਂ ਦੇ ਬੰਦੋਬਸਤ ਵੀ ਮੁਕੰਮਲ ਕੀਤੇ ਜਾਣ।
ਡਾ. ਬਲਬੀਰ ਸਿੰਘ ਨੇ ਹਰੇਕ ਜ਼ਿਲ੍ਹੇ ਵਿੱਚ ਨਸ਼ੇ ਛੱਡਣ ਦੇ ਚਾਹਵਾਨਾਂ ਲਈ ਨਾਰਕੋਟਿਕਸ ਅਨੋਨੋਮਸ ਗਰੁੱਪ ਬਣਾਏ ਜਾਣ ਦੀ ਵੀ ਹਦਾਇਤ ਕੀਤੀ ਤਾਂ ਨਸ਼ੇ ਛੱਡਣ ‘ਚ ਮਾਨਸਿਕ ਤੇ ਸਮਾਜਿਕ ਮਦਦ ਮਿਲ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ ਪਿੰਡਾਂ ‘ਚ ਨਸ਼ਾ ਮੁਕਤੀ ਕਮੇਟੀਆਂ ਤੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਮਜ਼ਬੂਤ ਕਰਨ ਦੀ ਵੀ ਹਦਾਇਤ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ੇ ਛੱਡਣ ਵਾਲਿਆਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ ਤਾਂ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਹੁਨਰਮੰਦ ਕਰਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਹਰੇਕ ਪਿੰਡ ‘ਚ ਖੇਡ ਦੇ ਮੈਦਾਨ, ਲਾਇਬ੍ਰੇਰੀਆਂ ਤੇ ਜਿੰਮ ਸਮੇਤ ਹੁਨਰ ਵਿਕਾਸ ਸੈਂਟਰ ਬਣਾਏ ਜਾ ਰਹੇ ਹਨ। ਵੀ.ਸੀ. ਦੌਰਾਨ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਬਸੰਤ ਗਰਗ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀਜ ਤੇ ਸਿਵਲ ਸਰਜਨ ਵੀ ਮੌਜੂਦ ਸਨ।
*****
ਫੋਟੋ ਕੈਪਸ਼ਨ-ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿਖੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ ਤੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਦੇ ਹੋਏ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version