ਪਟਿਆਲਾ 21 ਅਪ੍ਰੈਲ :ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਕਈ ਠੋਸ ਯੋਜਨਾਵਾਂ ਤਿਆਰ ਕੀਤੀਆਂ ਹਨ। ਸ਼ਹਿਰ ਦੇ ਹਜ਼ਾਰਾਂ ਲੋਕ ਜਾਇਦਾਦ ਟੈਕਸ ਨਹੀਂ ਦਿੰਦੇ ਜਾਂ ਗਲਤ ਘੱਟ ਟੈਕਸ ਅਦਾ ਕਰਦੇ ਹਨ, ਜਿਸ ਕਾਰਨ ਨਿਗਮ ਨੂੰ ਮਾਲੀਆ ਨੁਕਸਾਨ ਹੋ ਰਿਹਾ ਹੈ। ਹੁਣ ਨਿਗਮ ਨੇ ਅਜਿਹੇ ਡਿਫਾਲਟਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਨਵੇਂ ਕਦਮ ਚੁੱਕੇ ਹਨ। ਇਹ ਪ੍ਰਗਟਾਵਾ ਪਟਿਆਲਾ ਦੇ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੇ ਪ੍ਰਾਪਟੀ ਟੈਕਸ ਸ਼ਾਖਾ ਦੇ ਮੁਲਾਜ਼ਮਾਂ ਨਾਲ ਨਗਰ ਨਿਗਮ ਵਿਖੇ ਰੱਖੀ ਵਿਸ਼ੇਸ਼ ਮੀਟਿੰਗ ਉਪਰੰਤ ਕੀਤਾ। ੳਨ੍ਹਾਂ ਆਪਣੇ ਮੁਲਾਜ਼ਮਾਂ ਦੀ ਤਾਰੀਫ ਕਰਦਿਆ ਕਿਹਾ ਕਿ ਮੁਲਾਜ਼ਮਾ ਨੇ ਛੁੱਟੀ ਵਾਲੇ ਦਿਨ ਵੀ ਡਿਊਟੀ ਨਿਭਾ ਕੇ ਪ੍ਰਾਪਟੀ ਟੈਕਸ ਇੱਕਤਰਤ ਕਰਕੇ ਨਿਗਮ ਦੇ ਮਾਲੀਆ ਵਿੱਚ ਵਾਧਾ ਕੀਤਾ। ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਸਾਲ 2024-25 ਦੇ ਸਾਲਾਨਾ ਬੱਜਟ ਟੀਚੇ ਦੀ 100 ਪ੍ਰਤੀਸ਼ਤ ਪ੍ਰਾਪਤੀ ਕੀਤੀ ਗਈ ਹੈ। ਉਨਾ ਵੱਡਾ ਐਲਾਨ ਕਰਦਿਆ ਇਹ ਵੀ ਕਿਹਾ ਕਿ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ 30 ਸਤੰਬਰ 2025 ਤੱਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ ਜਮ੍ਹਾਂ ਕਰਤਾਵਾਂ ਨੂੰ 10 ਪ੍ਰਤੀਸ਼ਤ ਛੋਟ ਦਿੱਤੀ ਜਾ ਰਹੀ ਹੈ।
ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਨਿਗਮ ਦੀ ਵਿਸ਼ੇਸ਼ ਟੀਮ ਸ਼ਹਿਰ ਦੀਆਂ ਸਾਰੀਆ ਜਾਇਦਾਦਾ ਦਾ ਦੌਰਾ ਕਰਨਗੀਆਂ ਅਤੇ ਜਾਂਚ ਕਰਨਗੇ ਕਿ ਕਿਸੇ ਵੀ ਪ੍ਰਾਪਟੀ ਦਾ ਕਿੰਨਾ ਟੈਕਸ ਜਮ੍ਹਾ ਹੋਇਆ ਹੈ ਅਤੇ ਕਿੰਨਾ ਜਮ੍ਹਾ ਹੋਣਾ ਚਾਹੀਦਾ ਹੈ। ਉਨਾ ਕਿਹਾ ਕਿ ਜੇਕਰ ਕੁਝ ਲੋਕ ਛੋਟ ਦੇਣ ਮਗਰੋਂ ਅਤੇ ਤੈਅ ਮਿਤੀ ਤੱਕ ਟੈਕਸ ਨਹੀ ਭਰਦੇ ਤਾਂ ਉਨਾਂ ਡਿਫਾਲਟਰਾਂ ਤੋਂ ਟੈਕਸ ਦੇ ਨਾਲ ਨਾਲ ਜੁਰਮਾਨੇ ਦੀ ਵਸੂਲੀ ਕੀਤੀ ਜਾਵੇਗੀ। ਉਨਾ ਕਿਹਾ ਕਿ ਪਹਿਲਾਂ ਜਾਰੀ ਕੀਤੇ ਗਏ ਨੋਟਿਸਾਂ ਨੂੰ ਵੀ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਜਾਇਦਾਦ ਨੂੰ ਸੀਲ ਕਰਨ ਦੀ ਕਾਰਵਾਈ ਵੀ ਸ਼ਾਮਲ ਹੈ।
ਮੇਅਰ ਨੇ ਸਾਲ 2024-25 ਦੌਰਾਨ ਇੱਕਠੇ ਕੀਤੇ ਪ੍ਰਾਪਟੀ ਟੈਕਸ ਦੀ ਆਮਦਨ ਸੰਬੰਧੀ ਗੱਲਬਾਤ ਕਰਦਿਆ ਕਿਹਾ ਕਿ ਮਹੀਨਾ ਅਪੈ੍ਰਲ 2025 ਦੌਰਾਨ 20 ਅਪ੍ਰੈਲ ਤੱਕ ਪ੍ਰਾਪਟੀ ਟੈਕਸ ਤੋਂ 42 ਲੱਖ ਰੁਪਏ ਆਮਦਨ ਹੋ ਚੁੱਕੀ ਹੈ, ਜਿਸ ਲਈ ਉਨਾਂ ਨੇ ਮੁਲਾਜ਼ਮਾ ਦੀ ਪਿੱਠ ਵੀ ਥਾਪੜੀ ਹੈ। ਉਨਾਂ ਇਸ ਮੌਕੇ ਪ੍ਰਾਪਰਟੀ ਟੈਕਸ ਸ਼ਾਖਾ ਨੂੰ ਹਦਾਇਤ ਕੀਤੀ ਗਈ ਕਿ 10 ਪ੍ਰਤੀਸ਼ਤ ਛੋਟ ਸੰਬੰਧੀ ਆਮ ਪਬਲਿਕ ਨੂੰ ਮੁਨਿਆਦੀ, ਐਸ ਐਮ ਐਸ ਆਦਿ ਹੋਰ ਸਾਧਨਾਂ ਰਾਹੀਂ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣਾ ਪੂਰਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣ, ਤਾਂ ਜੋ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਿਲਆ ਸਹੀ ਲਾਭ ਮਿਲ ਸਕੇ।
ਇਸ ਮੌਕੇ ਪ੍ਰਾਪਟੀ ਟੈਕਸ ਸੁਪਰਡੈਂਟ ਲਵਨੀਸ਼ ਗੋਇਲ, ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ ਮੇਅਰ ਆਫਿਸ, ਇੰਸਪੈਕਟਰ ਸੁਨੀਲ ਗੁਲਾਟੀ, ਇੰਸਪੈਕਟਰ ਨਵਦੀਪ ਸ਼ਰਮਾ, ਇੰਸਪੈਕਟਰ ਜਸਕੀਰਤ ਕੌਰ ਤੋਂ ਇਲਾਵਾ ਮਹਿਕਮੇ ਦੇ ਕਰਮਚਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਫੋਟੋ – ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਦੇ ਮੁਲਾਜ਼ਮ