Home ਪਟਿਆਲਾ ਅਪਡੇਟ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ-ਡਾ. ਪ੍ਰੀਤੀ ਯਾਦਵ

ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ-ਡਾ. ਪ੍ਰੀਤੀ ਯਾਦਵ

0
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸਿਹਤ ਅਫ਼ਸਰ ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਲੋਕਾਂ ਨੂੰ ਖਾਣ ਪੀਣ ਦੀਆਂ ਸਾਫ਼-ਸੁਥਰੀਆਂ ਤੇ ਮਿਆਰੀ ਵਸਤੂਆਂ ਪ੍ਰਦਾਨ ਕਰਵਾਉਣ ਲਈ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਖਾਧ ਪਦਾਰਥਾਂ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਖਿਲਵਾੜ ਨਹੀਂ ਹੋਣ ਦਿੱਤਾ ਜਾ ਸਕਦਾ।
ਡਾ. ਪ੍ਰੀਤੀ ਯਾਦਵ ਨੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪ੍ਰਾਪਤ ਹੋਈ ਸ਼ਿਕਾਇਤ, ਜਿਸ ਵਿੱਚ ਝਿੱਲ ਐਵੇਨਿਊ ਵਿਖੇ ਗ਼ੈਰਮਿਆਰੀ ਢੰਗ ਨਾਲ ਬਣਾਏ ਜਾਂਦੇ ਪਨੀਰ ਦਾ ਜਿਕਰ ਕੀਤਾ ਗਿਆ ਸੀ, ਬਾਬਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਅਤੇ ਨਗਰ ਨਿਗਮ ਦੀ ਸਿਹਤ ਬ੍ਰਾਂਚ ਵੱਲੋਂ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਐਨੀ ਵੱਡੀ ਮਾਤਰਾ ਵਿੱਚ ਬਣਾਏ ਜਾਂਦੇ ਪਨੀਰ ਲਈ ਦੁੱਧ ਕਿੱਥੋਂ ਲਿਆਂਦਾ ਜਾਂਦਾ ਸੀ ਅਤੇ ਪਨੀਰ ਬਣਾਉਣ ਲਈ ਕਿਹੜਾ ਸਮਾਨ ਵਰਤਿਆ ਜਾਂਦਾ ਸੀ, ਬਾਬਤ ਵੀ ਸਿਹਤ ਵਿਭਾਗ ਦੀ ਟੀਮ ਤੋਂ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਫੜੇ ਗਏ ਪਨੀਰ ਦੇ ਸੈਂਪਲ ਖਰੜ ਲੈਬਾਰਟਰੀ ਤੋਂ ਚੈਕਿੰਗ ਲਈ ਭੇਜਕੇ ਇਸ ਸਬੰਧੀ ਕਾਰਵਾੲੀਂ ਵੀ ਯਕੀਨੀ ਤੌਰ ‘ਤੇ ਕੀਤੀ ਜਾਵੇ। ਉਨ੍ਹਾਂ ਹੋਰ ਹਦਾਇਤ ਕੀਤੀ ਕਿ ਖਾਧ ਪਦਾਰਥਾਂ ਦੀ ਚੈਕਿੰਗ ਲਈ ਸੈਂਪਲ ਭਰੇ ਜਾਣ ਅਤੇ ਫੂਡ ਸੇਫਟੀ ਟੀਮ ਐਫ.ਐਸ.ਐਸ.ਏ.ਆਈ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਮੇਤ ਮਿਆਰੀ ਤੇ ਸਾਫ਼ ਸੁਥਰੀਆਂ ਖੁਰਾਕੀ ਵਸਤੂਆਂ ਹੀ ਆਮ ਲੋਕਾਂ ਤੱਕ ਪੁਜਦੀਆਂ ਕਰਨ ਲਈ ਯਕੀਨੀ ਤੌਰ ‘ਤੇ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਵੇ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਾਫ਼ ਸੁਥਰੀਆਂ ਖਾਣ ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਯਤਨ ਜਾਰੀ ਹਨ।
********
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਫੂਡ ਸੇਫਟੀ ਬਾਬਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਤੇ ਹੋਰਨਾਂ ਨਾਲ ਬੈਠਕ ਕਰਦੇ ਹੋਏ।

NO COMMENTS

LEAVE A REPLY

Please enter your comment!
Please enter your name here

Exit mobile version