ਪਟਿਆਲਾ, 23 ਮਾਰਚ:
ਨਗਰ ਨਿਗਮ ਵੱਲੋਂ 31 ਮਾਰਚ ਤੋਂ ਪਹਿਲਾਂ-ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ
ਨਗਰ ਨਿਗਮ ਦੇ ਰਿਕਾਰਡ ਮੁਤਾਬਕ ਬਹੁਤ ਪ੍ਰਾਪਰਟੀਆਂ ਅਜਿਹੀਆਂ ਵੀ ਜਿਨ੍ਹਾਂ ਨੇ ਪਿਛਲੇ 11 ਸਾਲਾਂ ਤੋਂ ਹੁਣ ਤੱਕ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਵਾਇਆ
-ਨਗਰ ਨਿਗਮ ਵੱਲੋਂ ਅਗਲੇ ਹਫ਼ਤੇ ਤੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪ੍ਰਾਪਰਟੀ ਸੀਲ ਕੀਤਾ ਜਾਵੇਗਾ
ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਮਾਰਚ ਤੋਂ ਪਹਿਲਾਂ-ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦੇਣ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਅਜਿਹੀਆਂ ਬਹੁਤ ਸਾਰੀਆਂ ਵਪਾਰਕ ਪ੍ਰੌਪਰਟੀਆਂ ਹਨ ਜਿਨ੍ਹਾਂ ਨੇ ਪਿਛਲੇ 11 ਸਾਲਾਂ ਦੌਰਾਨ, ਜਦੋ ਤੋਂ ਪ੍ਰਾਪਰਟੀ ਟੈਕਸ ਸ਼ੁਰੂ ਹੋਇਆ ਹੈ ਤੋਂ ਹੁਣ ਤੱਕ, ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਵਾਇਆ ਗਿਆ ਹੈ। ਇਸ ਲਈ ਉਹ ਅਜਿਹੇ ਲੋਕਾਂ ਨੂੰ ਅਪੀਲ ਕਰਦੇ ਹਨ ਉਹ ਕਿ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੱਕ ਹਰ ਹਾਲਤ ਵਿਚ ਜਮ੍ਹਾਂ ਕਰਵਾ ਦੇਣ।
ਕਮਿਸ਼ਨਰ ਪਰਮਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਵੱਲੋਂ ਅਗਲੇ ਹਫ਼ਤੇ ਤੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰਦੇ ਹੋਏ ਉਹਨਾਂ ਦੀਆਂ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਇਸ ਲਈ ਲੋਕ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਰੂਰ ਜਮ੍ਹਾਂ ਕਰਵਾਉਣ।