ਪਟਿਆਲਾ, 10 ਮਾਰਚ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਭੱਟ-ਮਾਜਰਾ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਿੰਡ ਹਰਪਾਲਪੁਰ, ਭੱਟ-ਮਾਜਰਾ ਅਤੇ ਅਜਰਾਵਰ ਤੋਂ ਕਿਸਾਨ ਬੀਬੀਆਂ, ਲੜਕੀਆਂ ਅਤੇ ਮਜ਼ਦੂਰ ਔਰਤਾਂ ਨੇ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ., ਪਟਿਆਲਾ ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਇਸ ਕੇਂਦਰ ਨੂੰ ਆਈ.ਸੀ.ਐਸ.ਐਸ.ਆਰ. ਵੱਲੋਂ ਇਕ ਖੋਜ ਪ੍ਰੋਜੈਕਟ ਜਾਰੀ ਹੋਇਆ ਹੈ, ਜਿਸ ਦਾ ਮੰਤਵ ਖੇਤੀਬਾੜੀ ਮਜ਼ਦੂਰਾਂ ਦੀ ਮਨੋਵਿਗਿਆਨਕ ਅਤੇ ਪੌਸ਼ਟਿਕ ਤੰਦਰੁਸਤੀ ਸਬੰਧੀ ਖੋਜ ਕਰਨਾ ਹੈ। ਇਸੇ ਲੜੀ ਦੇ ਵਿਚ ਇਹ ਨਾਰੀ ਦਿਵਸ ਦਾ ਆਯੋਜਨ ਕੀਤਾ ਗਿਆ।
ਆਪਣੇ ਸੰਬੋਧਨ ਦੇ ਵਿਚ ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ.ਵੀ.ਕੇ., ਪਟਿਆਲਾ ਨੇ ਬੀਬੀਆਂ ਨੂੰ ਉਹਨਾਂ ਦੀ ਆਪਣੀ ਅਤੇ ਪਰਿਵਾਰ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਨੂੰ ਸੁਧਾਰਨ ਦੇ ਲਈ ਜੀਵਨ ਜਾਚ ਦੇ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਇਸ ਖੋਜ ਪ੍ਰੋਜੈਕਟ ਬਾਰੇ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਔਰਤਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਹੋਇਆ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨਾਲ ਜੁੜਨ ਲਈ ਉਤਸ਼ਾਹ ਦਿਖਾਇਆ। ਡਾ. ਅਮਨਦੀਪ ਕੌਰ ਮੱਕੜ, ਖੋਜਾਰਥੀ ਨੇ ਸ਼ਾਮਲ ਕਰਤਾ ਔਰਤਾਂ ਦੇ ਸਮਾਜਿਕ ਤੇ ਆਰਥਿਕ ਪੱਧਰ ਦਾ ਸਰਵੇਖਣ ਕਰਕੇ ਲਾਭਪਾਤਰੀਆਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਅਗਾਂਹਵਧੂ ਅਧਿਆਪਕਾ ਸ੍ਰੀਮਤੀ ਅਮਰਜੀਤ ਕੌਰ, ਭੱਟ-ਮਾਜਰਾ ਨੇ ਕੇ.ਵੀ.ਕੇ., ਪਟਿਆਲਾ ਵੱਲੋਂ ਆਈ ਹੋਈ ਟੀਮ ਦਾ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ।