Home ਹੈਲਥ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਾਕੇਤ ਹਸਪਤਾਲ ਤੇ ਮਾਡਲ ਟਾਊਨ ਓਟ ਕਲੀਨਿਕ...

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਾਕੇਤ ਹਸਪਤਾਲ ਤੇ ਮਾਡਲ ਟਾਊਨ ਓਟ ਕਲੀਨਿਕ ਦਾ ਅਚਨਚੇਤ ਦੌਰਾ

0

ਪਟਿਆਲਾ, 27 ਫਰਵਰੀ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਸਾਕੇਤ ਹਸਪਤਾਲ ਤੇ ਮਾਡਲ ਟਾਊਨ ਓਟ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਾਕੇਤ ਹਸਪਤਾਲ ‘ਚ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੈ ਰਹੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਕਿੱਤਾ ਮੁਖੀ ਕੋਰਸ ਸਬੰਧੀ ਫੀਡਬੈਕ ਪ੍ਰਾਪਤ ਕੀਤੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੜ ਵਸੇਬਾ ਕੇਂਦਰਾਂ ‘ਚ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਪੁਨਰ ਵਸੇਬੇ ਲਈ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਡੇਅਰੀ ਫਾਰਮਿੰਗ ਦੇ ਨਾਲ ਨਾਲ ਮੱਛੀ ਪਾਲਣ, ਇਲੈਕਟ੍ਰੀਸ਼ੀਅਨ, ਮਧੂ ਮੱਖੀ ਪਾਲਣ, ਪਲੰਬਰ ਵਰਗੇ ਹੋਰ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਨੂੰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ ਤੇ ਉਹ ਆਤਮ ਨਿਰਭਰ ਹੋਕੇ ਸਮਾਜ ਦੀ ਮੁਖਧਾਰਾ ਨਾਲ ਚੱਲ ਸਕਣ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਕੇਤ ਹਸਪਤਾਲ ਵਿਖੇ ਸਹਿਯੋਗੀ ਹੈਲਪਲਾਈਨ ਨੰਬਰ 0175-2213385 ਕਾਰਜਸ਼ੀਲ ਹੈ, ਜੋ ਨਸ਼ਾ ਛੱਡਣ ਵਾਲਿਆਂ ਸਮੇਤ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਇੱਕ ਚੰਗਾ ਪਲੇਟਫਾਰਮ ਹੈ, ਕਿਉਂਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਂਦੀ ਅਤੇ ਉਨ੍ਹਾਂ ਨੂੰ ਬਿਹਤਰ ਸਲਾਹ ਦੇ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਸਾਕੇਤ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਲਈ ਪੇਂਟਿੰਗ ਰੂਮ, ਜਿੰਮ, ਪੂਜਾ ਰੂਮ ਵਰਗੀਆਂ ਸਹੂਲਤਾਂ ਵੀ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡ ਚੁੱਕੇ ਵਿਅਕਤੀਆਂ ਦੀ ਹਸਪਤਾਲ ਵੱਲੋਂ ਲਗਾਤਾਰ ਟੈਲੀ ਕਾਊਂਸਲਿੰਗ (ਫ਼ੋਨ ਜਰੀਏ) ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਗਲਤ ਰਸਤੇ ‘ਤੇ ਨਾ ਪੈਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹੇ ਦੇ ਸਾਰੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਦੇ ਹੁਨਰ ਵਿਕਾਸ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ, ਤਾਂ ਜੋ ਉਨ੍ਹਾਂ ਦਾ ਨਸ਼ਾ ਛੱਡਣ ਮਗਰੋਂ ਸਮਾਜ ਵਿੱਚ ਮੁੜਵਸੇਬਾ ਸੁਖਾਲਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰੇਕ ਕੋਰਸ ਲਈ 30 ਵਿਅਕਤੀਆਂ ਦਾ ਗਰੁੱਪ ਬਣਾ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਏ.ਸੀ. ਰਿਪੇਅਰ, ਵੈਲਡਰ, ਪਲੰਬਰ ਆਦਿ ਵਰਗੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਜੇਕਰ ਇਕ ਸੈਂਟਰ ‘ਤੇ 30 ਤੋਂ ਘੱਟ ਵਿਅਕਤੀ ਇਕ ਕੋਰਸ ਵਿੱਚ ਹੋਣਗੇ ਤਾਂ ਉੱਥੇ ਦੂਸਰੇ ਸੈਂਟਰਾਂ ਤੋਂ ਬੱਸ ਰਾਹੀਂ ਉਨ੍ਹਾਂ ਨੂੰ ਲਿਆਂਦਾ ਜਾਵੇਗਾ ਅਤੇ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਦਾਖਲ ਮਰੀਜ਼ਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਬੰਧਤ ਜ਼ਿਲ੍ਹੇ ਦੇ ਰੋਜ਼ਗਾਰ ਬਿਊਰੋ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇਗੀ।
ਇਸ ਦੌਰਾਨ ਕਿੱਤਾ ਮੁਖੀ ਕੋਰਸ ਦੀ ਟਰੇਨਿੰਗ ਲੈ ਰਹੇ ਮਰੀਜ਼ਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਸ਼ਾ ਛੱਡਣ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋਣ ਲਈ ਸਹਾਈ ਹੋਣਗੀਆਂ।
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਮਾਡਲ ਟਾਊਨ ਓਟ ਕਲੀਨਿਕ ਦਾ ਦੌਰਾ ਕੀਤਾ ਅਤੇ ਸਟਾਫ਼ ਪਾਸੋਂ ਦਵਾਈ ਲੈ ਰਹੇ ਮਰੀਜ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਫੋਟੋ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਸਾਕੇਤ ਹਸਪਤਾਲ ਦਾ ਦੌਰਾ ਕਰਦੇ ਹੋਏ।

NO COMMENTS

LEAVE A REPLY

Please enter your comment!
Please enter your name here

Exit mobile version