ਚੰਡੀਗੜ੍ਹ, 25 ਅਕਤੂਬਰ (ਛਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸਰ ਵਿੱਚ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀ ਜੰਗਸ਼ੇਰ ਸਿੰਘ ਖੰਗੂੜਾ ਨਾਲ ਮੁਲਾਕਾਤ ਕੀਤੀ। ਮਹਿਜ਼ 15 ਸਾਲ ਦੀ ਉਮਰ ਵਿੱਚ ਕੌਮਾਂਤਰੀ ਪੱਧਰ ’ਤੇ ਇਹ ਪ੍ਰਾਪਤੀ ਹਾਸਲ ਕਰਨ ’ਤੇ ਮੁੱਖ ਮੰਤਰੀ ਨੇ ਖਿਡਾਰੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੰਗਸ਼ੇਰ ਦੀ ਸਫ਼ਲਤਾ ਨੇ ਪੰਜਾਬ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਨੌਜਵਾਨ ਖਿਡਾਰੀ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਜੰਗਸ਼ੇਰ ਦੇ ਖੇਡ ਕਰੀਅਰ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਅਤੇ ਦੇਸ਼ ਦਾ ਮਾਣ ਵਧਾਉਂਦਾ ਰਹੇਗਾ। ਜੰਗਸ਼ੇਰ ਸਿੰਘ ਖੰਗੂੜਾ ਦੀ ਛੋਟੀ ਉਮਰ ਵਿੱਚ ਇਹ ਪ੍ਰਾਪਤੀ ਪੰਜਾਬ ਵਿੱਚ ਬੈਡਮਿੰਟਨ ਦੀ ਉੱਭਰ ਰਹੀ ਪ੍ਰਤਿਭਾ ਨੂੰ ਦਰਸਾਉਂਦੀ ਹੈ ਅਤੇ ਸੂਬੇ ਦੀਆਂ ਖੇਡ ਪ੍ਰਾਪਤੀਆਂ ਵਿੱਚ ਇੱਕ ਹੋਰ ਅਹਿਮ ਵਾਧਾ ਹੈ।






