ਚੰਡੀਗੜ੍ਹ, 22 ਜੁਲਾਈ,2026 (ਅਮਨਦੀਪ ਸੱਭਰਵਾਲ): ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਚੋਣ ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਹੁਣ ਤੱਕ ਵੋਟਰ ਸੂਚੀ ਡਿਜੀਟਾਈਜ਼ੇਸ਼ਨ ਦਾ 83.53 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਬੂਥ ਲੈਵਲ ਅਧਿਕਾਰੀਆਂ (BLOs) ਵੱਲੋਂ ਗਿਣਤੀ ਫਾਰਮ ਆਨਲਾਈਨ ਪੋਰਟਲ ‘ਤੇ ਅਪਲੋਡ ਕੀਤੇ ਜਾ ਰਹੇ ਹਨ।
ਪੰਜਾਬ ਵਿੱਚ ਕੁੱਲ 2,14,61,043 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 1,79,26,509 ਵੋਟਰਾਂ ਦੇ ਗਿਣਤੀ ਫਾਰਮ ਸਫਲਤਾਪੂਰਵਕ ਆਨਲਾਈਨ ਸਿਸਟਮ ਵਿੱਚ ਦਰਜ ਹੋ ਚੁੱਕੇ ਹਨ। ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮਾਨਸਾ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 93.38 ਫੀਸਦੀ ਡਿਜੀਟਾਈਜ਼ੇਸ਼ਨ ਪੂਰਾ ਕਰ ਲਿਆ ਹੈ, ਜਦਕਿ ਅੰਮ੍ਰਿਤਸਰ ਇਸ ਮਾਮਲੇ ਵਿੱਚ ਸਭ ਤੋਂ ਪਿੱਛੇ ਹੈ।
ਚੋਣ ਵਿਭਾਗ ਅਨੁਸਾਰ ਸੂਬੇ ਵਿੱਚ ਕਰੀਬ 44 ਹਜ਼ਾਰ ਗਿਣਤੀ ਫਾਰਮ ਅਜੇ ਵੀ ਵੰਡੇ ਨਹੀਂ ਗਏ ਹਨ। ਜੇਕਰ ਕਿਸੇ ਵੋਟਰ ਨੂੰ ਆਪਣਾ ਫਾਰਮ ਨਹੀਂ ਮਿਲਿਆ ਹੈ ਤਾਂ ਉਹ ਆਪਣੇ ਖੇਤਰ ਦੇ BLO ਨਾਲ ਸੰਪਰਕ ਕਰ ਸਕਦਾ ਹੈ ਜਾਂ ਆਨਲਾਈਨ ਫਾਰਮ ਭਰ ਸਕਦਾ ਹੈ। ਫਾਰਮ ਡਾਊਨਲੋਡ ਕਰਕੇ ਭਰਨ ਤੋਂ ਬਾਅਦ ਇਸ ਨੂੰ ਸਬੰਧਤ BLO ਕੋਲ ਜਮ੍ਹਾਂ ਵੀ ਕਰਵਾਇਆ ਜਾ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਕਰੀਬ 35 ਲੱਖ ਗਿਣਤੀ ਫਾਰਮ ਅਜੇ ਆਨਲਾਈਨ ਸਿਸਟਮ ਵਿੱਚ ਅਪਲੋਡ ਹੋਣੇ ਬਾਕੀ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਫਾਰਮ BLOs ਕੋਲ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦੀ ਐਂਟਰੀ ਦਾ ਕੰਮ ਜਾਰੀ ਹੈ। ਜਿਹੜੇ ਵੋਟਰਾਂ ਨੇ ਅਜੇ ਤੱਕ ਫਾਰਮ ਪੂਰੇ ਕਰਕੇ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਨੂੰ 3 ਅਗਸਤ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਗਈ ਹੈ।
SIR 2026 ਮੁਹਿੰਮ ਦੀ ਪ੍ਰਗਤੀ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਨੇ ਤੇਜ਼ੀ ਨਾਲ ਕੰਮ ਪੂਰਾ ਕੀਤਾ ਹੈ, ਜਦਕਿ ਕੁਝ ਵੱਡੇ ਸ਼ਹਿਰੀ ਅਤੇ ਸਰਹੱਦੀ ਜ਼ਿਲ੍ਹੇ ਪਿੱਛੇ ਚੱਲ ਰਹੇ ਹਨ। ਚੋਣ ਵਿਭਾਗ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆਪਣੇ ਗਿਣਤੀ ਫਾਰਮ ਪੂਰੇ ਕਰਕੇ ਜਮ੍ਹਾਂ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਨੂੰ ਸਮੇਂ ‘ਤੇ ਪੂਰਾ ਕੀਤਾ ਜਾ ਸਕੇ।








