ਲੰਡਨ, 15 ਅਕਤੂਬਰ (ਚੌਧਰੀ ਪ੍ਰਭਜੀਤ ਸਿੰਘ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨਾਲ ਡੀਜ਼ਲ ਸਪਲਾਈ ਸੌਦੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸੀ ਈਂਧਨ ਦੀ ਸਪਲਾਈ ਲਈ ਸਹਿਮਤੀ ਦੇ ਕੇ ਅਮਰੀਕਾ ਨੇ ਗਲਤ ਪੱਖ ਚੁਣਿਆ ਹੈ। ਜ਼ੇਲੇਂਸਕੀ ਨੇ ਟਰੰਪ ਨੂੰ ਯੂਕਰੇਨ ਦੀ ਹਮਾਇਤ ਕਰਨ ਅਤੇ ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਲਈ ਹੋਰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ। ਗੱਲਬਾਤ ਦੌਰਾਨ ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਅਮਰੀਕਾ ਦੋਵਾਂ ਧਿਰਾਂ ਵਿਚਕਾਰ ਨਿਰਪੱਖ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਨਿਰਪੱਖਤਾ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਟਰੰਪ ਦੇ ਸਲਾਹਕਾਰਾਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਅਮਰੀਕਾ ਦਾ ਇਹ ਫ਼ੈਸਲਾ ਯੂਕਰੇਨ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਮੁਤਾਬਕ, ਯੂਕਰੇਨ ਇੱਕ ਮਜ਼ਬੂਤ ਸਾਥੀ ਦਾ ਸਮਰਥਨ ਗੁਆਉਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਮੁਤਾਬਕ, ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਜਿਹੇ ਪ੍ਰਬੰਧ ਦਾ ਐਲਾਨ ਕੀਤਾ ਸੀ, ਜਿਸ ਤਹਿਤ ਰੂਸ ਵੱਲੋਂ 3 ਲੱਖ ਮੀਟ੍ਰਿਕ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕੀਤੀ ਜਾਣੀ ਹੈ। ਟਰੰਪ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਅਮਰੀਕਾ ਨੂੰ ਸਿੱਧੀ ਸਪਲਾਈ ਕਰਨ ਦੀ ਬਜਾਏ ਵਿਸ਼ਵ ਬਾਜ਼ਾਰ ਵਿੱਚ ਡੀਜ਼ਲ ਦੀ ਉਪਲਬਧਤਾ ਵਧਾਉਣਾ ਅਤੇ ਊਰਜਾ ਦੀਆਂ ਉੱਚੀਆਂ ਕੀਮਤਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਨਾ ਹੈ।
ਊਰਜਾ ਜੰਗਬੰਦੀ ’ਤੇ ਵੀ ਉੱਠੇ ਸਵਾਲ
ਜ਼ੇਲੇਂਸਕੀ ਨੇ ਊਰਜਾ ਢਾਂਚੇ ’ਤੇ ਹਮਲੇ ਰੋਕਣ ਲਈ ਐਲਾਨੀ ਗਈ ਜੰਗਬੰਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਯੂਕਰੇਨ ਆਪਣੇ ਲੋਕਾਂ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂਕਰੇਨ ਨੇ ਤਿੰਨ ਦਿਨਾਂ ਤੱਕ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਅਤੇ ਰੂਸੀ ਹਮਲਿਆਂ ਦਾ ਜਵਾਬ ਦੇਣ ਤੋਂ ਵੀ ਗੁਰੇਜ਼ ਕੀਤਾ, ਪਰ ਰੂਸ ਵੱਲੋਂ ਯੂਕਰੇਨੀ ਟਿਕਾਣਿਆਂ ਅਤੇ ਢਾਂਚੇ ’ਤੇ ਹਮਲੇ ਜਾਰੀ ਰਹੇ। ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ ਦੋਸ਼ ਲਾਇਆ ਸੀ ਕਿ ਰੂਸੀ ਫ਼ੌਜਾਂ ਨੇ ਕੀਵ, ਕੀਵ ਖੇਤਰ ਅਤੇ ਖਾਰਕੀਵ ਵਿੱਚ ਊਰਜਾ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਲਗਭਗ ਛੇ ਲੱਖ ਲੋਕ ਬਿਜਲੀ ਤੋਂ ਵਾਂਝੇ ਹੋ ਗਏ। ਇਹ ਦਾਅਵੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਟਰੰਪ ਨੇ 11 ਅਕਤੂਬਰ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਤੁਰੰਤ ਊਰਜਾ ਜੰਗਬੰਦੀ ਦਾ ਐਲਾਨ ਕੀਤਾ ਸੀ। ਇਸ ਘਟਨਾਕ੍ਰਮ ਨੇ ਜੰਗਬੰਦੀ ਦੀ ਪ੍ਰਭਾਵਸ਼ੀਲਤਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਦੀਆਂ ਸੰਭਾਵਨਾਵਾਂ ਬਾਰੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਯੂਕਰੇਨ ਵੱਲੋਂ ਅਮਰੀਕਾ ਤੋਂ ਹੋਰ ਸਹਾਇਤਾ ਅਤੇ ਰੂਸ ’ਤੇ ਵਧੇਰੇ ਅੰਤਰਰਾਸ਼ਟਰੀ ਦਬਾਅ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ।
