ਪਟਿਆਲਾ, 17 ਜੁਲਾਈ, 2026 (ਬਲਜੀਤ ਸਰਨਾ):ਪਟਿਆਲਾ ਦੇ ਨਜ਼ਦੀਕੀ ਪਿੰਡ ਅਸਮਾਨਪੁਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਕ 22-23 ਸਾਲ ਦੇ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੜਕ ਕਿਨਾਰੇ ਮਿਲੀ ਲਾਸ਼
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 11:30 ਵਜੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦਾ ਪੁੱਤਰ ਸੜਕ ਕਿਨਾਰੇ ਡਿੱਗਿਆ ਹੋਇਆ ਹੈ। ਜਦੋਂ ਪਰਿਵਾਰਕ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਨੌਜਵਾਨ ਦਮ ਤੋੜ ਚੁੱਕਾ ਸੀ।
ਪੈਸਿਆਂ ਦੇ ਲੈਣ-ਦੇਣ ਦਾ ਲੱਗਿਆ ਦੋਸ਼
ਮ੍ਰਿਤਕ ਨੌਜਵਾਨ ਦੀ ਮਾਤਾ ਨੇ ਰੋਂਦਿਆਂ ਹੋਇਆਂ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਨੇ ਕਿਸੇ ਤੋਂ ਕੁਝ ਪੈਸੇ ਉਧਾਰ ਲਏ ਹੋਏ ਸਨ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਾਤਾ ਨੇ ਕਿਹਾ, “ਜੇਕਰ ਮੇਰੇ ਪੁੱਤ ਨੇ ਕਿਸੇ ਤੋਂ ਪੈਸੇ ਲਏ ਵੀ ਸਨ, ਤਾਂ ਉਹ ਸਾਡੇ ਕੋਲ ਆ ਕੇ ਮੰਗ ਲੈਂਦੇ, ਅਸੀਂ ਪੈਸੇ ਦੇ ਦਿੰਦੇ। ਮੇਰੇ ਪੁੱਤ ਨੂੰ ਇਸ ਤਰ੍ਹਾਂ ਮਾਰਨਾ ਬਹੁਤ ਗਲਤ ਹੈ। ਉਹ ਦਿਹਾੜੀ-ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਸਾਨੂੰ ਹਰ ਹਾਲ ਵਿੱਚ ਇਨਸਾਫ਼ ਚਾਹੀਦਾ ਹੈ।”
ਪੁਲਿਸ ਵੱਲੋਂ ਜਾਂਚ ਸ਼ੁਰੂ
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
