ਕਾਰ ਸਵਾਰ ਤਿੰਨ ਨੌਜਵਾਨਾਂ ‘ਤੇ ਹਮਲੇ ਦੇ ਦੋਸ਼, ਜ਼ਖ਼ਮੀ ਨੇ 35–37 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਪਹੁੰਚਿਆ ਹਸਪਤਾਲ
ਘਨੌਰ/ਪਟਿਆਲਾ 25 ਜੁਲਾਈ 2026 (ਬਲਜੀਤ ਸਰਨਾ): ਪਟਿਆਲਾ ਦੇ ਘਨੌਰ ਹਲਕੇ ਵਿੱਚ ਇੱਕ ਨੌਜਵਾਨ ‘ਤੇ ਚਾਕੂ ਨਾਲ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹੁਸਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਘਟਨਾ ਨੂੰ 9–10 ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਘਰ ਛੱਡ ਕੇ ਮੋਟਰਸਾਈਕਲ ‘ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਕਾਰ ਚਾਲਕ ਨੇ ਉਸ ਦੇ ਮੋਟਰਸਾਈਕਲ ਦੇ ਬਿਲਕੁਲ ਨੇੜੇ ਤੋਂ ਤੇਜ਼ ਰਫ਼ਤਾਰ ਨਾਲ ਕੱਟ ਮਾਰਿਆ। ਜਦੋਂ ਉਸ ਨੇ ਕਾਰ ਚਾਲਕ ਨੂੰ ਹੌਲੀ ਗੱਡੀ ਚਲਾਉਣ ਲਈ ਕਿਹਾ ਤਾਂ ਕਾਰ ਸਵਾਰਾਂ ਨੇ ਗੱਡੀ ਵਾਪਸ ਮੋੜ ਲਈ।
VIDEO:
ਪੀੜਤ ਦੇ ਮੁਤਾਬਕ ਕਾਰ ਵਿੱਚੋਂ ਤਿੰਨ ਨੌਜਵਾਨ ਉਤਰੇ ਅਤੇ ਬਿਨਾਂ ਕਿਸੇ ਗੱਲਬਾਤ ਦੇ ਉਸ ਨਾਲ ਬਹਿਸ ਕਰਦੇ ਹੋਏ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਨੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਦੇ ਬਾਵਜੂਦ ਉਸ ਨੇ ਹਿੰਮਤ ਦਿਖਾਉਂਦਿਆਂ ਕਰੀਬ 35 ਤੋਂ 37 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰਕੇ ਇਲਾਜ ਸ਼ੁਰੂ ਕੀਤਾ।
ਹੁਸਨਪ੍ਰੀਤ ਨੇ ਦੱਸਿਆ ਕਿ ਉਸ ਨੇ ਹਮਲੇ ਵਿੱਚ ਵਰਤੀ ਗਈ ਕਾਰ ਦੀ ਤਸਵੀਰ ਅਤੇ ਨੰਬਰ ਪੁਲਿਸ ਨੂੰ ਮੁਹੱਈਆ ਕਰਵਾ ਦਿੱਤਾ ਹੈ। ਉਸ ਦੇ ਅਨੁਸਾਰ ਕਥਿਤ ਦੋਸ਼ੀਆਂ ਦੀ ਪਛਾਣ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਇਸ ਮਾਮਲੇ ਸਬੰਧੀ ਐਸਐਚਓ ਘਨੌਰ ਗੁਰਮੁਖ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਹੁਸਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਘਨੌਰ ਵਿੱਚ ਐਫਆਈਆਰ ਨੰਬਰ 64, ਮਿਤੀ 12 ਜੁਲਾਈ 2026 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਵਾਹਨ ਅਤੇ ਕਥਿਤ ਦੋਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
