ਪਟਿਆਲਾ ਦੇ 400 ਖੇਡ ਮੈਦਾਨਾਂ ਵਿੱਚ ਲੱਗਣਗੇ ਵਿਸ਼ੇਸ਼ ਜਾਣਕਾਰੀ ਵਾਲੇ ਫਲੈਕਸ – ਡਾ .ਹਿਮਾਂਸ਼ੂ ਅਗਰਵਾਲ
ਪਟਿਆਲਾ 17 ਜੁਲਾਈ:2026
ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰੱਖ ਕੇ ਖੇਡਾਂ ਦੇ ਨਾਲ ਨਾਲ ਰੱਖਿਆ ਸੇਵਾਵਾਂ ‘ ਚ ਭਰਤੀ ਕਰਵਾ ਕੇ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ । ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਥਾਨਕ ਪੋਲੋ ਗਰਾਊਂਡ ਵਿਖੇ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਾਲੀਆਂ ਫੋਰਸਾਂ ਵਿਚ ਭਰਤੀ ਹੋਣ ਲਈ ਜਾਣਕਾਰੀ ਦੇਣ ਸਬੰਧੀ ਲਗਾਏ ਗਏ ਵਿਸ਼ੇਸ਼ ਫਲੈਕਸਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਮੌਕੇ ਕੀਤਾ।
ਸਹੀ ਜਾਣਕਾਰੀ ਨਾਲ ਸੁਰੱਖਿਆ ਬਲਾਂ ਵਿੱਚ ਭਰਤੀ ਹੋਵੇਗੀ ਆਸਾਨ – ਡੀ ਸੀ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਫਲੈਕਸ ਬੋਰਡਾਂ ਵਿੱਚ ਭਰਤੀ ਲਈ ਲੋੜੀਂਦੇ ਸਰੀਰਕ ਮਾਪਦੰਡ, ਵਿੱਦਿਅਕ ਯੋਗਤਾ, ਚੋਣ ਪ੍ਰਕਿਰਿਆ ਅਤੇ ਤਿਆਰੀ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸੌਖੀ ਅਤੇ ਸਰਲ ਭਾਸ਼ਾ ਵਿੱਚ ਦਰਸਾਈ ਗਈ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਮੇਂ ਸਿਰ ਸਹੀ ਅਤੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੀ ਤਿਆਰੀ ਸਹੀ ਦਿਸ਼ਾ ਵਿੱਚ ਕਰ ਸਕਣ ਅਤੇ ਦੇਸ਼ ਸੇਵਾ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾ ਕੇ ਉਨ੍ਹਾਂ ਨੂੰ ਰੋਜ਼ਗਾਰ, ਖੇਡਾਂ ਅਤੇ ਦੇਸ਼ ਸੇਵਾ ਵਰਗੇ ਉਸਾਰੂ ਖੇਤਰਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਇਹ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਭਰਪੂਰ ਫਲੈਕਸ ਬੋਰਡ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਤਿਆਰ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਲਗਭਗ 400 ਖੇਡ ਮੈਦਾਨਾਂ ਵਿੱਚ ਇਹ ਫਲੈਕਸ ਬੋਰਡ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਅਤੇ ਵਿਦਿਆਰਥੀ ਇਸ ਜਾਣਕਾਰੀ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿੱਚ ਆਉਣ ਵਾਲੇ ਬੱਚੇ ਅਤੇ ਨੌਜਵਾਨ ਨਾ ਸਿਰਫ਼ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਪ੍ਰੇਰਿਤ ਹੋਣਗੇ, ਸਗੋਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਧਿਆਨ ਖੇਡਾਂ, ਸਿਹਤ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਕੇਂਦਰਿਤ ਕਰਨਗੇ।
ਡੀ ਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਿੰਨ ਮੁੱਖ ਪੱਖਾਂ ‘ਤੇ ਕੇਂਦਰਿਤ ਹੈ—ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਮੁੜ ਵਸੇਬਾ ਅਤੇ ਬਚਪਨ ਤੋਂ ਹੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਦੂਰ ਰੱਖਣਾ। ਇਸੇ ਸੋਚ ਅਧੀਨ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ, ਅਨੁਸ਼ਾਸਨ ਅਤੇ ਦੇਸ਼ ਸੇਵਾ ਨਾਲ ਜੋੜਨ ਲਈ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪਹਿਲ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਨ, ਉਨ੍ਹਾਂ ਵਿੱਚ ਦੇਸ਼ ਸੇਵਾ ਦੀ ਭਾਵਨਾ ਮਜ਼ਬੂਤ ਕਰਨ ਅਤੇ ਨਸ਼ਾ-ਮੁਕਤ, ਤੰਦਰੁਸਤ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਹ ਉਪਰਾਲਾ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਅਨੁਸਾਰ ਭਵਿੱਖ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਉਜਵਲ ਭਵਿੱਖ ਵੱਲ ਅੱਗੇ ਵਧਣ ਲਈ ਵੀ ਉਤਸ਼ਾਹਿਤ ਕਰੇਗਾ।
स्वास्थ्य मंत्री और डीसी ने सुरक्षा बलों की जानकारी वाले फ्लेक्स के माध्यम से बच्चों को किया जागरूक
