ਪਟਿਆਲਾ, 28 ਸਤੰਬਰ 2026 (ਬਲਜੀਤ ਸਰਨਾ) : ਪਟਿਆਲਾ ਦੇ ਜਟਾ ਵਾਲਾ ਚੌਂਤਰਾ ਨੇੜੇ ਗੁਰਦੇਵ ਐਨਕਲੇਵ ਵਿੱਚ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਇੱਕ ਨੌਜਵਾਨ ’ਤੇ ਕਥਿਤ ਤੌਰ ’ਤੇ 10 ਤੋਂ 15 ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਹੈ, ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਇਲਾਜ ਅਧੀਨ ਪੀੜਤ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਇਲਾਕੇ ਵਿੱਚ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ। ਉਸ ਮੁਤਾਬਕ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਇਸ ਦਾ ਵਿਰੋਧ ਕਰਦਿਆਂ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ।

ਪੀੜਤ ਨੇ ਦੱਸਿਆ ਕਿ ਉਸ ਕੋਲ ਕਥਿਤ ਤੌਰ ’ਤੇ ਨਸ਼ਾ ਖਰੀਦਣ ਲਈ ਆਉਣ ਵਾਲੇ ਕੁਝ ਨੌਜਵਾਨਾਂ ਅਤੇ ਲੜਕੀਆਂ ਦੀਆਂ ਵੀਡੀਓਜ਼ ਵੀ ਮੌਜੂਦ ਹਨ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਵੀ ਦਾਅਵਾ ਕੀਤਾ ਹੈ। ਨੌਜਵਾਨ ਦੇ ਮੁਤਾਬਕ, ਉਸ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਕਥਿਤ ਨਸ਼ਾ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਇਲਾਕੇ ਵਿੱਚ ਪਹੁੰਚੀ ਤਾਂ ਉਹ ਮੌਕੇ ਤੋਂ ਚਲੇ ਗਏ।
ਪੀੜਤ ਦਾ ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ ਬੀਤੀ ਰਾਤ ਜਦੋਂ ਉਹ ਆਪਣੇ ਘਰ ਦੇ ਬਾਹਰ ਬੈਠਾ ਸੀ ਤਾਂ 10 ਤੋਂ 15 ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਇਲਾਕੇ ਵਿੱਚ ਕਥਿਤ ਨਸ਼ਾ ਤਸਕਰੀ ਦੇ ਮਾਮਲੇ ਦੀ ਵੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋਣੀ ਬਾਕੀ ਹੈ।