Home ਸਪੋਰਟਸ ਵਿਸ਼ਵ ਨੰਬਰ ਇਕ ਯਾਨਿਕ ਸਿਨਰ ਦੇ ਸਿਰ ਸਜਿਆ ਵਿੰਬਲਡਨ ਦਾ ਤਾਜ, ਫਾਈਨਲ...

ਵਿਸ਼ਵ ਨੰਬਰ ਇਕ ਯਾਨਿਕ ਸਿਨਰ ਦੇ ਸਿਰ ਸਜਿਆ ਵਿੰਬਲਡਨ ਦਾ ਤਾਜ, ਫਾਈਨਲ ‘ਚ ਜ਼ਵੇਰੇਵ ਨੂੰ ਦਿੱਤੀ ਮਾਤ

0

ਲੰਡਨ:13ਜੁਲਾਈ (ਛਤਰਪਾਲ ਸਿੰਘ):ਵਿਸ਼ਵ ਨੰਬਰ ਇਕ ਇਟਲੀ ਦੇ ਯਾਨਿਕ ਸਿਨਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਵਿੰਬਲਡਨ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਐਤਵਾਰ ਨੂੰ ਖੇਡੇ ਗਏ ਪੁਰਸ਼ ਇਕਲ ਫਾਈਨਲ ਵਿੱਚ ਸਿਨਰ ਨੇ ਜਰਮਨੀ ਦੇ ਅਲੈਕਜ਼ੈਂਡਰ ਜ਼ਵੇਰੇਵ ਨੂੰ 6-7, 7-6, 6-3, 6-4 ਨਾਲ ਹਰਾਕੇ ਕਰੀਅਰ ਦਾ ਪੰਜਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ।

ਖ਼ਿਤਾਬੀ ਜਿੱਤ ਤੋਂ ਬਾਅਦ ਸਿਨਰ ਨੇ ਕੋਰਟ ‘ਤੇ ਹੀ ਜਸ਼ਨ ਮਨਾਇਆ। ਮੈਚ ਪੁਆਇੰਟ ਹਾਸਲ ਕਰਨ ਮਗਰੋਂ ਉਹ ਖੁਸ਼ੀ ਨਾਲ ਘਾਹ ‘ਤੇ ਲੇਟ ਗਏ। ਪਿਛਲੇ ਸਾਲ ਵੀ ਉਨ੍ਹਾਂ ਨੇ ਫ੍ਰੈਂਚ ਓਪਨ ਦੀ ਨਿਰਾਸ਼ਾ ਤੋਂ ਉਭਰਦੇ ਹੋਏ ਵਿੰਬਲਡਨ ਦਾ ਤਾਜ ਜਿੱਤਿਆ ਸੀ ਅਤੇ ਇਸ ਵਾਰ ਵੀ ਉਨ੍ਹਾਂ ਨੇ ਆਪਣੀ ਬਾਦਸ਼ਾਹਤ ਕਾਇਮ ਰੱਖੀ।

ਸਿਨਰ ਦੀ ਜ਼ਵੇਰੇਵ ਖ਼ਿਲਾਫ਼ ਇਹ ਲਗਾਤਾਰ 10ਵੀਂ ਜਿੱਤ ਰਹੀ। ਫ੍ਰੈਂਚ ਓਪਨ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੇ ਜਰਮਨ ਖਿਡਾਰੀ ਲਈ ਇਹ ਮੁਕਾਬਲਾ ਆਸਾਨ ਨਹੀਂ ਰਿਹਾ ਅਤੇ ਉਹ ਇੱਕ ਵਾਰ ਫਿਰ ਇਟਾਲਵੀ ਸਿਤਾਰੇ ਅੱਗੇ ਬੇਬਸ ਨਜ਼ਰ ਆਏ।

ਮੁਕਾਬਲਾ ਸ਼ੁਰੂਆਤੀ ਦੋ ਸੈੱਟਾਂ ਤੱਕ ਬਰਾਬਰੀ ਦਾ ਰਿਹਾ, ਪਰ ਤੀਜੇ ਸੈੱਟ ਵਿੱਚ ਇੱਕ ਅਹਿਮ ਮੋੜ ਆਇਆ। ਸਕੋਰ 3-3 ਹੋਣ ਦੌਰਾਨ ਜ਼ਵੇਰੇਵ ਡਰਾਪ ਸ਼ਾਟ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫਿਸਲ ਗਏ, ਜਿਸ ਨਾਲ ਉਨ੍ਹਾਂ ਦੇ ਸੱਜੇ ਗੋਡੇ ਵਿੱਚ ਸੱਟ ਲੱਗ ਗਈ। ਸਿਨਰ ਤੁਰੰਤ ਨੈੱਟ ਪਾਰ ਕਰਕੇ ਉਨ੍ਹਾਂ ਦੀ ਮਦਦ ਲਈ ਪਹੁੰਚੇ, ਜਿਸ ਦੀ ਦਰਸ਼ਕਾਂ ਨੇ ਖੂਬ ਸਰਾਹਨਾ ਕੀਤੀ।

ਸੱਟ ਤੋਂ ਬਾਅਦ ਜ਼ਵੇਰੇਵ ਆਪਣੀ ਲੈ ਨਹੀਂ ਬਰਕਰਾਰ ਰੱਖ ਸਕੇ ਅਤੇ ਕਈ ਗਲਤੀਆਂ ਕਰ ਬੈਠੇ। ਸਿਨਰ ਨੇ ਇਸ ਦਾ ਪੂਰਾ ਫਾਇਦਾ ਚੁੱਕਦਿਆਂ ਪਹਿਲਾ ਬ੍ਰੇਕ ਹਾਸਲ ਕੀਤਾ ਅਤੇ ਤੀਜਾ ਸੈੱਟ ਆਪਣੇ ਨਾਮ ਕਰ ਲਿਆ। ਚੌਥੇ ਸੈੱਟ ਵਿੱਚ ਵੀ ਉਨ੍ਹਾਂ ਨੇ ਦਬਦਬਾ ਬਣਾਈ ਰੱਖਿਆ ਅਤੇ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਰਹੇ।

ਹਾਲਾਂਕਿ ਫਾਈਨਲ ਵਿੱਚ ਹਾਰ ਦੇ ਬਾਵਜੂਦ ਜ਼ਵੇਰੇਵ ਲਈ ਇੱਕ ਚੰਗੀ ਖ਼ਬਰ ਵੀ ਹੈ। ਨਵੀਂ ਏਟੀਪੀ ਰੈਂਕਿੰਗ ਵਿੱਚ ਉਹ ਵਿਸ਼ਵ ਨੰਬਰ ਦੋ ਦਾ ਸਥਾਨ ਹਾਸਲ ਕਰਨ ਜਾ ਰਹੇ ਹਨ। ਸਪੇਨ ਦੇ ਕਾਰਲੋਸ ਅਲਕਾਰਾਜ਼ ਸੱਟ ਕਾਰਨ ਫ੍ਰੈਂਚ ਓਪਨ ਅਤੇ ਵਿੰਬਲਡਨ ਦੋਵੇਂ ਟੂਰਨਾਮੈਂਟਾਂ ਵਿੱਚ ਨਹੀਂ ਖੇਡ ਸਕੇ, ਜਿਸ ਦਾ ਫਾਇਦਾ ਜ਼ਵੇਰੇਵ ਨੂੰ ਮਿਲਿਆ ਹੈ।

Exit mobile version