Home ਸਪੋਰਟਸ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੈਰੀ ਕਾਸਪਾਰੋਵ ਨੇ ਗੁਕੇਸ਼ ਨੂੰ ਦਿੱਤੀ ਮਾਮੂਲੀ ਬੜ੍ਹਤ, ਕਾਰਲਸਨ...

ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੈਰੀ ਕਾਸਪਾਰੋਵ ਨੇ ਗੁਕੇਸ਼ ਨੂੰ ਦਿੱਤੀ ਮਾਮੂਲੀ ਬੜ੍ਹਤ, ਕਾਰਲਸਨ ਨੇ ਸਿੰਧਾਰੋਵ ਨੂੰ ਦੱਸਿਆ ਮਜ਼ਬੂਤ ਦਾਅਵੇਦਾਰ

Garry Kasparov backs D Gukesh to retain his world title, while Magnus Carlsen favours Javokhir Sindarov ahead of the November 24 championship clash.

0

ਜਿਨੀਵਾ (ਸਵਿਟਜ਼ਰਲੈਂਡ), 21 ਨਵੰਬਰ, 2026 (ਛਤਰਪਾਲ ਸਿੰਘ ) : ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ਤੋਂ ਪਹਿਲਾਂ ਦਿੱਗਜ ਸ਼ਤਰੰਜ ਖਿਡਾਰੀਆਂ ਵਿਚਾਲੇ ਭਵਿੱਖਬਾਣੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਗੈਰੀ ਕਾਸਪਾਰੋਵ ਦਾ ਮੰਨਣਾ ਹੈ ਕਿ ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਆਪਣੇ ਵਿਸ਼ਵ ਚੈਂਪੀਅਨ ਦੇ ਖਿਤਾਬ ਦਾ ਬਚਾਅ ਕਰਨ ਵਿੱਚ ਸਫਲ ਰਹਿ ਸਕਦਾ ਹੈ। ਉਨ੍ਹਾਂ ਨੇ ਗੁਕੇਸ਼ ਦੇ ਵੱਡੇ ਮੁਕਾਬਲਿਆਂ ਦੇ ਤਜਰਬੇ ਨੂੰ ਉਸ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਉਸ ਨੂੰ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਧਾਰੋਵ ਉੱਤੇ ਮਾਮੂਲੀ ਬੜ੍ਹਤ ਦਿੱਤੀ ਹੈ।

ਕਾਸਪਾਰੋਵ ਅਨੁਸਾਰ ਸਿੰਧਾਰੋਵ ਦਾ ਖੇਡਣ ਦਾ ਅੰਦਾਜ਼ ਵਧੇਰੇ ਦਿਲਚਸਪ ਅਤੇ ਮਨੋਰੰਜਕ ਹੈ, ਪਰ ਵਿਸ਼ਵ ਪੱਧਰੀ ਖਿਤਾਬੀ ਮੁਕਾਬਲਿਆਂ ਵਿੱਚ ਤਜਰਬਾ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਕੇਸ਼ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ ਅਤੇ ਅਜਿਹੇ ਲੰਬੇ ਮੁਕਾਬਲਿਆਂ ਵਿੱਚ ਸਿਰਫ਼ ਤਿਆਰੀ ਹੀ ਨਹੀਂ, ਸਗੋਂ ਖਿਡਾਰੀ ਦਾ ਤਜਰਬਾ ਵੀ ਨਤੀਜਾ ਤੈਅ ਕਰਦਾ ਹੈ। ਦੂਜੇ ਪਾਸੇ, ਨਾਰਵੇ ਦੇ ਮਹਾਨ ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਸਿੰਧਾਰੋਵ ਦੇ ਹੱਕ ਵਿੱਚ ਆਪਣੀ ਰਾਏ ਦਿੱਤੀ ਹੈ। ਕਾਰਲਸਨ ਦਾ ਮੰਨਣਾ ਹੈ ਕਿ ਗੁਕੇਸ਼ ਕਈ ਵਾਰ ਖੇਡ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਵਿੱਚ ਬਹੁਤ ਜ਼ਿਆਦਾ ਆਸ਼ਾਵਾਦੀ ਹੋ ਜਾਂਦਾ ਹੈ ਅਤੇ ਜਿੱਤ ਦੀ ਕੋਸ਼ਿਸ਼ ਵਿੱਚ ਲੋੜ ਤੋਂ ਵੱਧ ਜੋਖ਼ਮ ਉਠਾ ਲੈਂਦਾ ਹੈ। ਉਨ੍ਹਾਂ ਅਨੁਸਾਰ ਮੌਜੂਦਾ ਸਮੇਂ ਵਿੱਚ ਗੁਕੇਸ਼ ਦਾ ਆਤਮ-ਵਿਸ਼ਵਾਸ ਘੱਟ ਹੋਣ ਕਾਰਨ ਉਸ ਵੱਲੋਂ ਅਜਿਹੀਆਂ ਗਲਤੀਆਂ ਦੀ ਸੰਭਾਵਨਾ ਵਧ ਸਕਦੀ ਹੈ।

ਫਰਾਂਸ ਦੇ ਮੈਕਸਿਮ ਵਾਚੀਅਰ-ਲਾਗ੍ਰੇਵ ਅਤੇ ਅਲੀਰੇਜ਼ਾ ਫਿਰੋਜ਼ਜਾ ਨੇ ਦੋਵਾਂ ਖਿਡਾਰੀਆਂ ਦੇ ਮੁਕਾਬਲੇ ਨੂੰ ਬਰਾਬਰੀ ਦਾ ਦੱਸਿਆ ਹੈ, ਜਦਕਿ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਸਿੰਧਾਰੋਵ ਨੂੰ ਮਾਮੂਲੀ ਤੌਰ ’ਤੇ ਮਜ਼ਬੂਤ ਦਾਅਵੇਦਾਰ ਮੰਨਿਆ ਹੈ। ਇਹ ਵਿਸ਼ਵ ਚੈਂਪੀਅਨਸ਼ਿਪ 24 ਨਵੰਬਰ ਤੋਂ 12 ਦਸੰਬਰ ਤੱਕ ਖੇਡੀ ਜਾਵੇਗੀ, ਜਿਸ ਵਿੱਚ ਕੁੱਲ 14 ਕਲਾਸੀਕਲ ਬਾਜ਼ੀਆਂ ਹੋਣਗੀਆਂ। ਸਭ ਤੋਂ ਪਹਿਲਾਂ 7.5 ਅੰਕ ਹਾਸਲ ਕਰਨ ਵਾਲਾ ਖਿਡਾਰੀ ਵਿਸ਼ਵ ਚੈਂਪੀਅਨ ਬਣੇਗਾ। ਜੇਕਰ 14 ਬਾਜ਼ੀਆਂ ਤੋਂ ਬਾਅਦ ਦੋਵੇਂ ਖਿਡਾਰੀਆਂ ਦੇ ਅੰਕ ਬਰਾਬਰ ਰਹਿੰਦੇ ਹਨ ਤਾਂ ਜੇਤੂ ਦਾ ਫੈਸਲਾ ਘੱਟ ਸਮੇਂ ਵਾਲੇ ਟਾਈਬ੍ਰੇਕ ਮੁਕਾਬਲਿਆਂ ਰਾਹੀਂ ਕੀਤਾ ਜਾਵੇਗਾ।

ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰੇਕ ਖਿਡਾਰੀ ਨੂੰ ਪਹਿਲੀਆਂ 40 ਚਾਲਾਂ ਲਈ 120 ਮਿੰਟ ਮਿਲਣਗੇ ਅਤੇ 41ਵੀਂ ਚਾਲ ਤੋਂ ਹਰ ਚਾਲ ਲਈ 30 ਸਕਿੰਟ ਵਾਧੂ ਸਮਾਂ ਦਿੱਤਾ ਜਾਵੇਗਾ। 40 ਚਾਲਾਂ ਪੂਰੀਆਂ ਹੋਣ ਤੋਂ ਪਹਿਲਾਂ ਦੋਵੇਂ ਖਿਡਾਰੀ ਆਪਸੀ ਸਹਿਮਤੀ ਨਾਲ ਡਰਾਅ ਨਹੀਂ ਕਰ ਸਕਣਗੇ, ਹਾਲਾਂਕਿ ਤਿੰਨ ਵਾਰ ਇੱਕੋ ਸਥਿਤੀ ਦੁਹਰਾਉਣ ਜਾਂ ਸਟੇਲਮੇਟ ਹੋਣ ’ਤੇ ਡਰਾਅ ਸੰਭਵ ਹੋਵੇਗਾ। ਇਸ ਵੱਕਾਰੀ ਚੈਂਪੀਅਨਸ਼ਿਪ ਦੀ ਕੁੱਲ ਇਨਾਮੀ ਰਾਸ਼ੀ 25 ਲੱਖ ਅਮਰੀਕੀ ਡਾਲਰ ਰੱਖੀ ਗਈ ਹੈ। ਹਰੇਕ ਜਿੱਤੀ ਗਈ ਬਾਜ਼ੀ ਲਈ 2 ਲੱਖ ਡਾਲਰ ਦਿੱਤੇ ਜਾਣਗੇ, ਜਦਕਿ ਬਾਕੀ ਰਕਮ ਦੋਵਾਂ ਖਿਡਾਰੀਆਂ ਵਿੱਚ ਬਰਾਬਰ ਵੰਡੀ ਜਾਵੇਗੀ। ਜੇਕਰ ਮੁਕਾਬਲਾ ਟਾਈਬ੍ਰੇਕ ਤੱਕ ਪਹੁੰਚਦਾ ਹੈ ਤਾਂ ਜੇਤੂ ਨੂੰ 13 ਲੱਖ ਅਤੇ ਉਪ ਜੇਤੂ ਨੂੰ 12 ਲੱਖ ਡਾਲਰ ਮਿਲਣਗੇ।

ਹੁਣ ਸਾਰੀਆਂ ਨਜ਼ਰਾਂ 24 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ ’ਤੇ ਟਿਕੀਆਂ ਹਨ, ਜਿੱਥੇ ਗੁਕੇਸ਼ ਆਪਣਾ ਵਿਸ਼ਵ ਖਿਤਾਬ ਬਚਾਉਣ ਅਤੇ ਸਿੰਧਾਰੋਵ ਨਵਾਂ ਇਤਿਹਾਸ ਰਚਣ ਦੇ ਇਰਾਦੇ ਨਾਲ ਬੋਰਡ ’ਤੇ ਉਤਰਨਗੇ।

 

Exit mobile version