Home ਦੇਸ਼ ਰਾਹੁਲ ਗਾਂਧੀ ਦੀ ਮਦਦ ਤੋਂ ਬਿਨਾਂ ਸ਼ਾਇਦ FIR ਦਰਜ ਨਾ ਹੁੰਦੀ: ਪੈਲੇਟ...

ਰਾਹੁਲ ਗਾਂਧੀ ਦੀ ਮਦਦ ਤੋਂ ਬਿਨਾਂ ਸ਼ਾਇਦ FIR ਦਰਜ ਨਾ ਹੁੰਦੀ: ਪੈਲੇਟ ਗੰਨ ਨਾਲ ਜ਼ਖ਼ਮੀ ਸਾਹਿਲ ਲੋਚਵ

Sahil Lochav pellet gun FIR Rahul Gandhi

0

ਨਵੀਂ ਦਿੱਲੀ, 22 ਅਗਸਤ 2026 (ਹਰਸ਼ਪ੍ਰੀਤ ਕੌਰ) : ਪੈਲੇਟ ਗੰਨ ਦੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਸਾਹਿਲ ਲੋਚਵ ਨੇ ਕਿਹਾ ਹੈ ਕਿ ਜੇਕਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਸ਼ਿਕਾਇਤ ’ਤੇ FIR ਦਰਜ ਨਾ ਹੁੰਦੀ। ਲੋਚਵ ਮੁਤਾਬਕ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਨ ਲਈ ਫੋਨ ਕੀਤਾ ਸੀ। ਗੱਲਬਾਤ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ FIR ਦਰਜ ਨਹੀਂ ਕੀਤੀ ਜਾ ਰਹੀ। ਲੋਚਵ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਤੁਰੰਤ ਮਿਲਣ ਦੀ ਗੱਲ ਕਹੀ ਅਤੇ FIR ਦਰਜ ਕਰਵਾਉਣ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ।

ਲੋਚਵ ਨੇ ਕਿਹਾ ਕਿ FIR ਦਰਜ ਹੋਣਾ ਇਨਸਾਫ਼ ਵੱਲ ਪਹਿਲਾ ਕਦਮ ਹੈ। ਉਨ੍ਹਾਂ ਦੇ ਅਨੁਸਾਰ FIR ਦਰਜ ਕਰਨ ਵਿੱਚ ਲਗਭਗ ਅੱਠ ਘੰਟੇ ਲੱਗੇ ਅਤੇ ਜੇਕਰ ਰਾਹੁਲ ਗਾਂਧੀ ਨੇ ਮਾਮਲੇ ਵਿੱਚ ਦਖ਼ਲ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਦਰਜ ਹੀ ਨਾ ਹੁੰਦੀ। ਉਨ੍ਹਾਂ ਦੱਸਿਆ ਕਿ ਉਹ 14 ਅਗਸਤ ਤੋਂ FIR ਦਰਜ ਕਰਵਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਸਾਹਿਲ ਲੋਚਵ ਨੇ ਦੱਸਿਆ ਕਿ 20 ਜੁਲਾਈ ਨੂੰ ਉਨ੍ਹਾਂ ’ਤੇ ਪੈਲੇਟ ਗੰਨਾਂ ਨਾਲ ਗੋਲੀਬਾਰੀ ਹੋਈ ਸੀ। ਪਹਿਲਾਂ ਉਨ੍ਹਾਂ ਨੂੰ ਲੇਡੀ ਹਾਰਡਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਬਾਅਦ ਵਿੱਚ ਉਨ੍ਹਾਂ ਨੂੰ AIIMS ਰੈਫਰ ਕੀਤਾ ਗਿਆ। AIIMS ਵਿੱਚ ਉਨ੍ਹਾਂ ਦੀ ਸਰਜਰੀ ਹੋਈ, ਪਰ ਅਜੇ ਵੀ ਉਨ੍ਹਾਂ ਦੀ ਅੱਖਾਂ ਦੀ ਨਜ਼ਰ ਪੂਰੀ ਤਰ੍ਹਾਂ ਸਾਫ਼ ਨਹੀਂ ਹੋਈ ਹੈ।

ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਸੱਤ ਸਫ਼ਿਆਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਪਰ FIR ਦਰਜ ਨਹੀਂ ਕੀਤੀ ਗਈ ਸੀ। ਲੋਚਵ ਦੇ ਵਕੀਲ ਨੇ ਦੱਸਿਆ ਕਿ 14 ਅਗਸਤ ਨੂੰ ਉਹ ਪਹਿਲਾਂ ਕਨਾਟ ਪਲੇਸ ਪੁਲਿਸ ਸਟੇਸ਼ਨ ਗਏ ਸਨ। ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੰਤਰ-ਮੰਤਰ ਨਾਲ ਸਬੰਧਤ ਮਾਮਲੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਭੇਜੇ ਗਏ ਹਨ। ਜਦੋਂ ਉਹ ਉੱਥੇ ਪਹੁੰਚੇ ਤਾਂ ਪੁਲਿਸ ਨੇ ਘਟਨਾ ਸਥਾਨ ਕਨਾਟ ਪਲੇਸ ਇਲਾਕੇ ਵਿੱਚ ਹੋਣ ਦੀ ਗੱਲ ਕਹਿੰਦਿਆਂ ਉਨ੍ਹਾਂ ਨੂੰ ਮੁੜ ਕਨਾਟ ਪਲੇਸ ਥਾਣੇ ਜਾਣ ਲਈ ਕਿਹਾ।

ਵਕੀਲ ਨੇ ਦੋਸ਼ ਲਗਾਇਆ ਕਿ ਕਨਾਟ ਪਲੇਸ ਥਾਣੇ ਵਾਪਸ ਜਾਣ ਤੋਂ ਬਾਅਦ ਵੀ ਸ਼ਿਕਾਇਤ ਸਵੀਕਾਰ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਕਾਫ਼ੀ ਸਮਾਂ ਉਡੀਕ ਕਰਵਾਇਆ ਗਿਆ। ਇਸ ਤੋਂ ਬਾਅਦ ਉਹ DCP ਕ੍ਰਾਈਮ ਬ੍ਰਾਂਚ ਕੋਲ ਗਏ, ਪਰ ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਿਕਾਇਤ ਸਿੱਧੇ ਤੌਰ ’ਤੇ ਜਮ੍ਹਾਂ ਨਹੀਂ ਕਰਵਾਈ ਜਾ ਸਕਦੀ। ਵਕੀਲ ਨੇ ਲੇਡੀ ਹਾਰਡਿੰਗ ਹਸਪਤਾਲ ਦੀ ਮੈਡੀਕੋ-ਲੀਗਲ ਕੇਸ (MLC) ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਜ਼ਖ਼ਮਾਂ ਅਤੇ ਖੂਨ ਵਗਣ ਦਾ ਜ਼ਿਕਰ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਅਪਰਾਧ ਨਾਲ ਸਬੰਧਤ ਹੈ ਅਤੇ ਸ਼ਿਕਾਇਤ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

 

Exit mobile version