ਵਰਜੀਨੀਆ ’ਚ ਡੈਮੋਕ੍ਰੇਟਿਕ ਪਾਰਟੀ ਨੇ ਸੈਨੇਟ ਸੀਟ ਜਿੱਤੀ, ਫੌਕਸ ਨਿਊਜ਼ ਦਾ ਪਹਿਲਾ ਅਨੁਮਾਨ
ਵਾਸ਼ਿੰਗਟਨ ਡੀ.ਸੀ., 4 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਅਮਰੀਕਾ ਵਿੱਚ ਮੱਧਕਾਲੀ ਚੋਣਾਂ (ਮਿਡ-ਟਰਮ ਇਲੈਕਸ਼ਨਜ਼) ਲਈ ਵੋਟਿੰਗ ਸਮਾਪਤੀ ਵੱਲ ਵਧ ਰਹੀ ਹੈ। ਸੀਬੀਐਸ ਨਿਊਜ਼ ਦੇ ਐਗਜ਼ਿਟ ਪੋਲ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਯਤਾ ਮੱਧਕਾਲੀ ਚੋਣਾਂ ਦੌਰਾਨ ਕਿਸੇ ਵੀ ਰਾਸ਼ਟਰਪਤੀ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਦੀ ਮਨਜ਼ੂਰੀ ਦਰ ਸਿਰਫ਼ 38 ਫ਼ੀਸਦੀ ਦਰਜ ਕੀਤੀ ਗਈ ਹੈ। ਐਗਜ਼ਿਟ ਪੋਲ ਮੁਤਾਬਕ ਲਗਭਗ 75 ਫ਼ੀਸਦੀ ਵੋਟਰ ਦੇਸ਼ ਦੀ ਮੌਜੂਦਾ ਦਿਸ਼ਾ ਤੋਂ ਨਾਖੁਸ਼ ਹਨ। ਦੋ ਸਾਲ ਪਹਿਲਾਂ ਦੇ ਮੁਕਾਬਲੇ ਹੁਣ ਵਧੇਰੇ ਲੋਕ ਅਮਰੀਕੀ ਅਰਥਵਿਵਸਥਾ ਬਾਰੇ ਨਕਾਰਾਤਮਕ ਰਾਏ ਰੱਖਦੇ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤੇ ਅਮਰੀਕੀ ਇਰਾਨ ਵਿਰੁੱਧ ਫੌਜੀ ਕਾਰਵਾਈ ਨੂੰ ਗਲਤ ਫ਼ੈਸਲਾ ਮੰਨਦੇ ਹਨ।
ਚੋਣ ਨਤੀਜਿਆਂ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਦਬਾਅ ਵਿੱਚ ਨਜ਼ਰ ਆ ਰਹੇ ਹਨ। ਸੀਬੀਐਸ ਨਿਊਜ਼ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਅਗਲੇ ਸਾਲ ਕਾਂਗਰਸ ’ਤੇ ਡੈਮੋਕ੍ਰੇਟਿਕ ਪਾਰਟੀ ਦਾ ਕੰਟਰੋਲ ਹੋ ਜਾਂਦਾ ਹੈ ਤਾਂ ਉਨ੍ਹਾਂ ਕੋਲ ਵੀਟੋ ਦੀ ਅੰਤਿਮ ਤਾਕਤ ਹੈ। ਟਰੰਪ ਨੇ ਕਿਹਾ ਕਿ ਵੀਟੋ ਦੀ ਵਰਤੋਂ ਤੋਂ ਬਾਅਦ ਡੈਮੋਕ੍ਰੇਟਸ ਨੂੰ ਆਖ਼ਰਕਾਰ ਉਨ੍ਹਾਂ ਨਾਲ ਸਮਝੌਤਾ ਕਰਨਾ ਪਵੇਗਾ। ਇਸ ਦੌਰਾਨ ਜਾਰਜੀਆ, ਦੱਖਣੀ ਕੈਰੋਲੀਨਾ, ਵਰਮਾਂਟ ਅਤੇ ਵਰਜੀਨੀਆ ਸਮੇਤ ਇੰਡੀਆਨਾ ਤੇ ਕੈਂਟਕੀ ਦੇ ਕੁਝ ਹਿੱਸਿਆਂ ਵਿੱਚ ਵੋਟਿੰਗ ਸਮਾਪਤ ਹੋ ਗਈ ਹੈ। ਇਨ੍ਹਾਂ ਚੋਣਾਂ ਰਾਹੀਂ ਕਾਂਗਰਸ ਦੇ ਕੰਟਰੋਲ ਦੇ ਨਾਲ-ਨਾਲ ਕਈ ਅਹਿਮ ਸੂਬਿਆਂ ਦੀਆਂ ਗਵਰਨਰ ਅਤੇ ਵਿਧਾਨ ਸਭਾ ਸੀਟਾਂ ਦਾ ਫ਼ੈਸਲਾ ਹੋਵੇਗਾ। ਫੌਕਸ ਨਿਊਜ਼ ਦੇ ਪਹਿਲੇ ਅਨੁਮਾਨ ਅਨੁਸਾਰ, ਵਰਜੀਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਰਕ ਵਾਰਨਰ ਮੁੜ ਚੋਣ ਜਿੱਤਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਸਾਬਕਾ ਫੌਜੀ ਮੇਜਰ ਜਨਰਲ ਬਰਟ ਮਿਜ਼ੂਸਾਵਾ ਨੂੰ ਹਰਾਇਆ ਹੈ। ਇਹ ਜਿੱਤ ਡੈਮੋਕ੍ਰੇਟਿਕ ਪਾਰਟੀ ਲਈ ਸੈਨੇਟ ਵਿੱਚ ਇੱਕ ਅਹਿਮ ਸਫਲਤਾ ਮੰਨੀ ਜਾ ਰਹੀ ਹੈ।






