Home ਹਰਿਆਣਾ ਹਰਿਆਣਾ ਵਿੱਚ ਵੋਟਰ ਪੁਨਰ-ਨਿਰੀਖਣ ਮੁਹਿੰਮ ਦੀ ਮਿਆਦ ‘ਚ ਵਾਧਾ

ਹਰਿਆਣਾ ਵਿੱਚ ਵੋਟਰ ਪੁਨਰ-ਨਿਰੀਖਣ ਮੁਹਿੰਮ ਦੀ ਮਿਆਦ ‘ਚ ਵਾਧਾ

0
ਹੁਣ 24 ਜੁਲਾਈ ਤੱਕ ਭਰੇ ਜਾ ਸਕਣਗੇ ਗਣਨਾ ਫਾਰਮ

ਚੰਡੀਗੜ੍ਹ, 14 ਜੁਲਾਈ: (ਸੰਜੀਵ ਸ਼ਰਮਾ): ਹਰਿਆਣਾ ਵਿੱਚ ਚੱਲ ਰਹੀ ਸਪੈਸ਼ਲ ਇੰਟੇਂਸਿਵ ਪੁਨਰ-ਨਿਰੀਖਣ (Special Intensive Revision) ਮੁਹਿੰਮ ਲਈ ਭਾਰਤ ਚੋਣ ਕਮਿਸ਼ਨ ਨੇ ਅਹਿਮ ਫੈਸਲਾ ਲੈਂਦਿਆਂ ਫਾਰਮ ਜਮ੍ਹਾਂ ਕਰਵਾਉਣ ਦੀ ਮਿਆਦ ਵਧਾ ਦਿੱਤੀ ਹੈ। ਨਵੇਂ ਸ਼ਡਿਊਲ ਅਨੁਸਾਰ ਹੁਣ ਵੋਟਰ ਆਪਣੇ ਗਣਨਾ ਫਾਰਮ 24 ਜੁਲਾਈ 2026 ਤੱਕ ਬੀ.ਐਲ.ਓ. ਨੂੰ ਜਾਂ ਆਨਲਾਈਨ ਜਮ੍ਹਾਂ ਕਰਵਾ ਸਕਣਗੇ।

ਚੋਣ ਕਮਿਸ਼ਨ ਵੱਲੋਂ ਜਾਰੀ ਸੋਧੇ ਪ੍ਰੋਗਰਾਮ ਅਨੁਸਾਰ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਅਤੇ ਗਣਨਾ ਫਾਰਮ ਇਕੱਠੇ ਕਰਨ ਦਾ ਕੰਮ ਵੀ 24 ਜੁਲਾਈ ਤੱਕ ਪੂਰਾ ਕਰਨਗੇ। ਇਸੇ ਸਮੇਂ ਦੌਰਾਨ ਪੋਲਿੰਗ ਸਟੇਸ਼ਨਾਂ ਦੇ ਮੁੜ-ਪ੍ਰਬੰਧ ਦੀ ਪ੍ਰਕਿਰਿਆ ਵੀ ਮੁਕੰਮਲ ਕੀਤੀ ਜਾਵੇਗੀ। ਇਸ ਤੋਂ ਬਾਅਦ 31 ਜੁਲਾਈ 2026 ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।

ਡਰਾਫਟ ਸੂਚੀ ਜਾਰੀ ਹੋਣ ਉਪਰੰਤ 31 ਜੁਲਾਈ ਤੋਂ 30 ਅਗਸਤ 2026 ਤੱਕ ਦਾਅਵੇ ਅਤੇ ਇਤਰਾਜ਼ ਸਵੀਕਾਰ ਕੀਤੇ ਜਾਣਗੇ। ਇਨ੍ਹਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ, ਜਦਕਿ 3 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਵੇਗੀ।

ਮੁੱਖ ਚੋਣ ਅਧਿਕਾਰੀ ਏ. ਸ੍ਰੀਨਿਵਾਸ ਨੇ ਦੱਸਿਆ ਕਿ 14 ਜੁਲਾਈ ਤੱਕ ਸੂਬੇ ਦੇ 2,06,11,832 (99.79%) ਵੋਟਰਾਂ ਤੱਕ ਗਣਨਾ ਫਾਰਮ ਪਹੁੰਚਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 1,70,05,842 (82.33%) ਫਾਰਮਾਂ ਨੂੰ ਡਿਜੀਟਾਈਜ਼ ਵੀ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 33,36,031 (16.15%) ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਵੋਟਰ ਗੈਰ-ਹਾਜ਼ਰ, ਹੋਰ ਥਾਂ ਤਬਦੀਲ ਹੋਏ, ਮ੍ਰਿਤਕ ਜਾਂ ਡੁਪਲੀਕੇਟ ਪਾਏ ਗਏ ਹਨ।

ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 24 ਜੁਲਾਈ ਤੱਕ ਆਪਣਾ ਗਣਨਾ ਫਾਰਮ ਜ਼ਰੂਰ ਜਮ੍ਹਾਂ ਕਰਵਾਉਣ। ਸਮੇਂ ਸਿਰ ਫਾਰਮ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਨਾਮ 31 ਜੁਲਾਈ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋਵੇਗਾ।

ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਵੋਟਰ ਲਿਸਟ ਨੂੰ ਪੂਰੀ ਤਰ੍ਹਾਂ ਅਪਡੇਟ ਅਤੇ ਗਲਤੀ-ਰਹਿਤ ਬਣਾਉਣਾ ਹੈ। ਵਧੇਰੇ ਜਾਣਕਾਰੀ ਲਈ ਵੋਟਰ ਆਪਣੇ ਬੀ.ਐਲ.ਓ., ਸਬੰਧਤ ਜ਼ਿਲ੍ਹਾ ਚੋਣ ਦਫ਼ਤਰ ਜਾਂ 1950 ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ।

Exit mobile version