ਨਵੀਂ ਦਿੱਲੀ, 24 ਜੂਨ (ਹਰਸ਼ਪ੍ਰੀਤ ਕੌਰ): ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਐਥੇਨੌਲ (Ethanol) ਕਾਰਨ ਫਿਊਲ ਟੈਂਕ ਦੇ ਕੋਲ ਕੀੜੀਆਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐਥੇਨੌਲ ਫਿਊਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਇਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਪੈਟਰੋਲ ਵਿੱਚ ਐਥੇਨੌਲ ਮਿਲਾਉਣਾ ਪੂਰੀ ਤਰ੍ਹਾਂ ਵਿਗਿਆਨਕ (Scientific) ਹੈ ਅਤੇ ਇਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਭਾਰਤ ਦੇ ਪੈਟਰੋਲੀਅਮ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਈਂਧਨ ਗ੍ਰੇਡ (Fuel-grade) ਐਥੇਨੌਲ ਵਿੱਚ ਕੋਈ ਸ਼ੂਗਰ (ਖੰਡ) ਨਹੀਂ ਹੁੰਦੀ। ਮੰਤਰਾਲੇ ਅਨੁਸਾਰ, ਕੁਝ ਲੋਕ ਪੁਰਾਣੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਦੁਬਾਰਾ ਸ਼ੇਅਰ ਕਰਕੇ ਜਨਤਾ ਵਿੱਚ ਭਰਮ ਫੈਲਾ ਰਹੇ ਹਨ। ਸਰਕਾਰ ਨੇ ਕਿਹਾ ਕਿ E-20 ਪੈਟਰੋਲ ਪਾਉਣ ਤੋਂ ਬਾਅਦ ਇੰਜਣ ਖਰਾਬ ਹੋਣ ਦੀ ਕੋਈ ਵੀ ਰਿਪੋਰਟ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਕੇਂਦਰ ਸਰਕਾਰ ਨੇ ਇਹ ਵੀ ਸਾਫ਼ ਕੀਤਾ ਕਿ E-20 ਪੈਟਰੋਲ (20% ਐਥੇਨੌਲ ਫਲੈਕਸ ਈਂਧਨ) ਦੀ ਵਰਤੋਂ ਨਾਲ ਵਾਹਨ ਦੇ ਬੀਮੇ (ਇੰਸ਼ੋਰੈਂਸ) ਦੀ ਵੈਧਤਾ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਤਰ੍ਹਾਂ ਦੇ ਖਦਸ਼ੇ ਬਿਲਕੁਲ ਗਲਤ ਹਨ। ਸਰਕਾਰ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਐਥੇਨੌਲ ਮਿਸ਼ਰਤ ਈਂਧਨ ਦੀ ਸਫਲਤਾਪੂਰਵਕ ਵਰਤੋਂ ਕੀਤੀ ਜਾ ਰਹੀ ਹੈ। ਬ੍ਰਾਜ਼ੀਲ ਵਿੱਚ ਤਾਂ ਲੰਬੇ ਸਮੇਂ ਤੋਂ ਈਂਧਨ ਵਜੋਂ E-27 ਦੀ ਵਰਤੋਂ ਹੋ ਰਹੀ ਹੈ।
ਐਥੇਨੌਲ ਦੀ ਵਰਤੋਂ ਦੇ 3 ਵੱਡੇ ਫਾਇਦੇ:
- 4 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ: ਸਰਕਾਰ ਨੇ ਦੱਸਿਆ ਕਿ ਐਥੇਨੌਲ ਪ੍ਰੋਗਰਾਮ ਕਾਰਨ ਕੱਚੇ ਤੇਲ ਦੀ ਦਰਾਮਦ (import) ਵਿੱਚ ਕਮੀ ਆਈ ਹੈ। ਇਸ ਨਾਲ ਦੇਸ਼ ਨੂੰ ਹੁਣ ਤੱਕ 1.4 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਬਚਾਉਣ ਵਿੱਚ ਮਦਦ ਮਿਲੀ ਹੈ।
- ਕਿਸਾਨਾਂ ਅਤੇ ਪੇਂਡੂ ਅਰਥਚਾਰੇ ਨੂੰ ਲਾਭ: ਐਥੇਨੌਲ ਉਤਪਾਦਨ ਲਈ ਵਰਤੀ ਜਾਣ ਵਾਲੀ ਖੇਤੀ ਉਪਜ ਦੀ ਮੰਗ ਵਧਣ ਨਾਲ ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਮਿਲਿਆ ਹੈ ਅਤੇ ਪੇਂਡੂ ਅਰਥਵਿਵਸਥਾ ਮਜ਼ਬੂਤ ਹੋਈ ਹੈ।
- ਊਰਜਾ ਸੁਰੱਖਿਆ ਅਤੇ ਪ੍ਰਦੂਸ਼ਣ ‘ਤੇ ਕਾਬੂ: ਬਿਆਨ ਮੁਤਾਬਕ, ਐਥੇਨੌਲ ਫਿਊਲ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵਧਾ ਰਿਹਾ ਹੈ ਅਤੇ ਕਾਰਬਨ ਨਿਕਾਸ (carbon emissions) ਨੂੰ ਘੱਟ ਕਰਨ ਵਿੱਚ ਮਦਦ ਕਰ ਰਿਹਾ ਹੈ।








