ਲੁਧਿਆਣਾ, 14 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣਾ ਸਾਲਾਨਾ ਯੁਵਕ ਮੇਲਾ ‘ਯੁਵ- ਤਰੰਗ 2026’ ਮਨਾਉਣ ਲਈ ਤਿਆਰੀਆਂ ਸੰਪੂਰਨ ਹੋ ਗਈਆਂ ਹਨ। ਇਹ ਮੇਲਾ 17 ਤੋਂ 20 ਨਵੰਬਰ ਅਤੇ 1 ਤੋਂ 3 ਦਸੰਬਰ,2026 ਤੱਕ ਆਯੋਜਿਤ ਕੀਤਾ ਜਾਵੇਗਾ। ਦੋ ਪੜਾਵਾਂ ਵਿੱਚ ਕਰਵਾਏ ਜਾਣ ਵਾਲੇ ਇਸ ਰੰਗਾਰੰਗ ਸੱਭਿਆਚਾਰਕ ਸਮਾਗਮ ਵਿੱਚ ਵਿਦਿਆਰਥੀ ਆਪਣੀ ਕਲਾਤਮਕ ਸਿਰਜਣਾ, ਸੱਭਿਆਚਾਰਕ ਵਿਰਸਾ , ਬੌਧਿਕ ਸਮਰੱਥਾ ਅਤੇ ਵੱਖ-ਵੱਖ ਹੁਨਰਾਂ ਦਾ ਪ੍ਰਦਰਸ਼ਨ ਕਰਨਗੇ । ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਲਈ ਆਪਣੀ ਸਮਰੱਥਾ ਨੂੰ ਪਛਾਣਨ, ਨਵੇਂ ਰਾਹ ਲੱਭਣ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਸ਼ਖਸੀਅਤ ਨੂੰ ਨਿਖਾਰਨ ਦਾ ਇੱਕ ਅਹਿਮ ਮੌਕਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਨੂੰ ਸਿਰਫ਼ ਟਰਾਫੀਆਂ ਜਿੱਤਣ ਦੇ ਮੁਕਾਬਲਿਆਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਹ ਹੁਨਰ, ਸਿਰਜਣਾਤਮਕਤਾ, ਭਾਗੀਦਾਰੀ ਅਤੇ ਆਪਸੀ ਸਾਂਝ ਦੀ ਭਾਵਨਾ ਦਾ ਜਸ਼ਨ ਮਨਾਉਣ ਦੇ ਮੌਕੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਤਜਰਬਾ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਏਗਾ, ਯੋਗਤਾਵਾਂ ਨੂੰ ਨਿਖਾਰੇਗਾ, ਸੰਚਾਰ ਹੁਨਰ ਨੂੰ ਮਜ਼ਬੂਤ ਕਰੇਗਾ ਅਤੇ ਜੀਵਨ ਲਈ ਕੀਮਤੀ ਸਬਕ ਸਿਖਾਏਗਾ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਵੱਖ-ਵੱਖ ਮੁਕਾਬਲਿਆਂ ਲਈ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ‘ਸਰਬ ਭਾਰਤੀ ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟੀਆਂ ਅਤੇ ਅੰਤਰ -ਯੂਨੀਵਰਸਿਟੀ ਯੁਵਕ ਮੇਲਿਆਂ’ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਅਤੇ ਵੱਕਾਰੀ ਟਰਾਫੀਆਂ ਜਿੱਤ ਕੇ ਲਗਾਤਾਰ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੇਲੇ ਦੇ ਸੁਚਾਰੂ ਸੰਚਾਲਨ, ਪ੍ਰਭਾਵਸ਼ਾਲੀ ਆਯੋਜਨ ਅਤੇ ਸਫਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੱਖਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਨੇ ਮੇਲੇ ਦਾ ਵਿਸਥਾਰਿਤ ਵੇਰਵਾ ਵੀ ਸਾਂਝਾ ਕੀਤਾ।
ਪਹਿਲਾ ਪੜਾਅ
17 ਨਵੰਬਰ: ਫੋਟੋਗ੍ਰਾਫੀ, ਪੋਸਟਰ ਬਨਾਉਣਾ, ਕਲੇ ਮਾਡਲਿੰਗ, ਸ਼ਬਦ ਗਾਇਨ, ਭਾਸ਼ਣਕਾਰੀ ਅਤੇ ਵਾਦ-ਵਿਵਾਦ
18 ਨਵੰਬਰ: ਪੱਗ ਬੰਨਣਾ, ਲੰਮੀ ਗੁੱਤ, ਕਾਵਿ-ਉਚਾਰਣ, ਹਾਸ ਰਸ ਅਤੇ ਕਵਿਜ਼
19 ਨਵੰਬਰ:, ਕਾਰਟੂਨ ਬਨਾਉਣਾ, ਕੋਲਾਜ ਮੇਕਿੰਗ, ਮਹਿੰਦੀ ਲਗਾਉਣਾ ਅਤੇ ਕਵੀਸ਼ਰੀ
20 ਨਵੰਬਰ: ਮੌਕੇ ’ਤੇ ਚਿੱਤਰਕਾਰੀ, ਇੰਸਟਾਲੇਸ਼ਨ, ਰੰਗੋਲੀ, ਰਚਨਾਤਮਕ ਲੇਖਣੀ ਅਤੇ ਮੌਕੇ ’ਤੇ ਭਾਸ਼ਣਕਾਰੀ
ਦੂਜਾ ਪੜਾਅ
01 ਦਸੰਬਰ: ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ)
02 ਦਸੰਬਰ: ਮਾਈਮ, ਸਕਿਟ, ਮਮਿਕਰੀ, ਇਕਾਂਗੀ ਨਾਟਕ ਅਤੇ ਭੰਡ
03 ਦਸੰਬਰ (ਆਖਰੀ ਦਿਨ): ਪੰਜਾਬੀ ਲੋਕ ਨਾਚ (ਲੜਕੀਆਂ/ਲੜਕੇ) ਅਤੇ ਇਨਾਮ ਵੰਡ ਸਮਾਰੋਹ
ਸੱਭਿਆਚਾਰ, ਵਿਰਸੇ ਤੇ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਇਸ ਵਾਰ ਯੂਥ ਫੈਸਟੀਵਲ ਵਿੱਚ ਕੁਝ ਨਵੀਆਂ ਗਤੀਵਿਧੀਆਂ ਉਲੀਕੀਆਂ ਗਈਆਂ ਹਨ ਇਹਨਾਂ ਗਤੀਵਿਧੀਆਂ ਦੇ ਵਿੱਚ ਵੱਖੋ ਵੱਖਰੀਆਂ ਵੰਨਗੀਆਂ ਦੇ ਨਵੇਂ ਮੁਕਾਬਲੇ ਰੱਖੇ ਗਏ ਹਨ ਜਿਨਾਂ ਵਿੱਚ ਲੰਮੀ ਗੁੱਤ, ਕਵੀਸ਼ਰੀ, ਪੱਗ ਬੰਨਣਾ, ਮਹਿੰਦੀ ਲਗਾਉਣਾ ਤੇ ਪੰਜਾਬੀ ਪਹਿਰਾਵੇ ਵਿੱਚ ਸਟੇਜ `ਤੇ ਪ੍ਰਦਰਸ਼ਨ ਹੋਵੇਗਾ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਭਾਸ਼ਾ ਦੇ ਨਾਲ ਜੋੜਨਾ ਹੈ। ਡਾ. ਹੁੰਦਲ ਨੇ ਕਿਹਾ ਕਿ ਸਾਰਾ ਯੁਵਕ ਮੇਲਾ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਦੇ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ ਡਾ. ਹੁੰਦਲ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ
