ਲੁਧਿਆਣਾ 05 ਨਵੰਬਰ 2026 (ਛੱਤਰਪਾਲ ਸਿੰਘ): ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਦੀ ਡਾ. ਦੀਪਤੀ ਵਿਜੇ ਨੂੰ ਵੱਕਾਰੀ ਸਰਵੋਤਮ ਅਕਾਦਮਿਕ ਪੁਰਸਕਾਰ 2026 ਪ੍ਰਾਪਤ ਹੋਇਆ। ਉਨ੍ਹਾਂ ਨੇ ਕੇਰਲਾ ਵਿਖੇ ਪ੍ਰੋਜੈਕਟ ਵਨ ਹੈਲਥ ਦੁਆਰਾ ਆਯੋਜਿਤ ਤੀਜੀ ਅੰਤਰਰਾਸ਼ਟਰੀ ਵਨ ਹੈਲਥ ਕਾਨਫਰੰਸ ਵਿੱਚੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉੱਪ ਕੁਲਪਤੀ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਮਾਨਤਾਵਾਂ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਦੀਆਂ ਹਨ ਅਤੇ ਇਸਦੇ ਨਾਲ ਅਧਿਆਪਕਾਂ ਦੇ ਸਮਰਪਣ, ਅਕਾਦਮਿਕ ਉੱਤਮਤਾ ਅਤੇ ਖੋਜ ਸਮਰੱਥਾ ਦਾ ਪ੍ਰਗਟਾਵਾ ਹੁੰਦਾ । ਡਾ. ਗਿੱਲ ਨੇ ਵੈਟਨਰੀ ਵਿਗਿਆਨ ਅਤੇ ਵਨ ਹੈਲਥ ਦੇ ਉੱਭਰ ਰਹੇ ਖੇਤਰਾਂ ਵਿੱਚ ਅੰਤਰ-ਅਨੁਸ਼ਾਸਨੀ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।
ਇਹ ਪੁਰਸਕਾਰ ਸਿੱਖਿਆ, ਖੋਜ, ਨਵੀਨਤਾ, ਸਲਾਹ ਅਤੇ ਅਕਾਦਮਿਕ ਲੀਡਰਸ਼ਿਪ, ਖਾਸ ਕਰਕੇ ਵੈਟਨਰੀ ਜਨਤਕ ਸਿਹਤ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਅਤੇ ਭੋਜਨ ਸੁਰੱਖਿਆ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ।
ਸੈਂਟਰ ਫਾਰ ਵਨ ਹੈਲਥ ਦੇ ਡਾਇਰੈਕਟਰ, ਡਾ. ਜਸਬੀਰ ਸਿੰਘ ਬੇਦੀ ਨੇ ਡਾ. ਦੀਪਤੀ ਨੂੰ ਵਧਾਈ ਦਿੱਤੀ ਅਤੇ ਵਨ ਹੈਲਥ ਖੋਜ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਡਾ. ਬੇਦੀ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਕੇਂਦਰ ਦੀ ਅਕਾਦਮਿਕ ਸਾਖ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉੱਭਰ ਰਹੀਆਂ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਦੀਆਂ ਹਨ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਵੀ ਡਾ. ਦੀਪਤੀ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਡਾ. ਰੰਧਾਵਾ ਨੇ ਅਕਾਦਮਿਕ ਉੱਤਮਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਨਮਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੀਨਕਾਰੀ ਖੋਜ ਨੂੰ ਅੱਗੇ ਵਧਾਉਣ ਅਤੇ ਵੈਟਨਰੀ ਸਿੱਖਿਆ ਅਤੇ ਸਮਾਜਿਕ ਭਲਾਈ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ।






