Home ਪੰਜਾਬ ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਵੱਕਾਰੀ...

ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਵੱਕਾਰੀ ਸਨਮਾਨ

Guru Angad Dev Veterinary University faculty and students win prestigious awards at the 8th National Conference for excellence in meat science and research.

0

ਲੁਧਿਆਣਾ, 7 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਮਹਾਰਾਸ਼ਟਰ ਦੇ ਪਰਭਣੀ ਵਿਖੇ ਹੋਈ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੋਜਿਸਟਸ ਦੀ 8ਵੀਂ ਰਾਸ਼ਟਰੀ ਕਾਨਫਰੰਸ ਵਿੱਚ ਕਈ ਵੱਕਾਰੀ ਪੁਰਸਕਾਰ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਵਿਭਾਗ ਦੇ ਡਾ. ਰਾਜੇਸ਼ ਵੀ. ਵਾਘ ਨੂੰ ਮੀਟ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਤੇ ਵਿਕਾਸ ਲਈ ਸੰਸਥਾ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਹੇਠ ਖੋਜ ਕਰ ਰਹੇ ਡਾ. ਰੁਸ਼ੀਕੇਸ਼ ਪਾਟਿਲ ਨੂੰ ਸਰਵੋਤਮ ਐਮ.ਵੀ.ਐੱਸ.ਸੀ. ਥੀਸਿਸ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਰਵਨੀਤ ਕੌਰ, ਰੁਸ਼ੀਕੇਸ਼ ਪਾਟਿਲ ਅਤੇ ਦੀਪਿਕਾ ਜਮਾਦਾਰ ਨੇ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਦੇ ਸਨਮਾਨ ਹਾਸਲ ਕੀਤੇ।

ਡਾ. ਰਾਜੇਸ਼ ਵਾਘ ਨੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ‘ਸਮਾਰਟਬਾਇਓਪੈਕ’ ਪ੍ਰੋਜੈਕਟ ਤਹਿਤ ਕੀਤੀ ਖੋਜ ਲਈ ਵੀ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਜਿੱਤਿਆ। ਇਹ ਪ੍ਰੋਜੈਕਟ ਪਸ਼ੂਧਨ ਉਤਪਾਦਾਂ ਦੀ ਗੁਣਵੱਤਾ ਅਤੇ ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਨਵੀਨਤਮ ਤੇ ਟਿਕਾਊ ਪੈਕੇਜਿੰਗ ਤਕਨੀਕਾਂ ਵਿਕਸਿਤ ਕਰਨ ’ਤੇ ਕੇਂਦਰਿਤ ਹੈ। ਵਿਭਾਗ ਮੁਖੀ ਡਾ. ਨਿਤਿਨ ਮਹਿਤਾ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਵੈਟਨਰੀ ਸਾਇੰਸ ਕਾਲਜ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਵੀ ਇਨ੍ਹਾਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੀ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਵਧ ਰਹੀ ਪਛਾਣ ਨੂੰ ਦਰਸਾਉਂਦੇ ਹਨ।

 

Exit mobile version