Home ਪੰਜਾਬ ਵੈਟਰਨਰੀ ਯੂਨੀਵਰਸਿਟੀ ਵੱਲੋਂ ਸੰਵਿਧਾਨਕ ਅਧਿਕਾਰਾਂ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ

ਵੈਟਰਨਰੀ ਯੂਨੀਵਰਸਿਟੀ ਵੱਲੋਂ ਸੰਵਿਧਾਨਕ ਅਧਿਕਾਰਾਂ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ

Vet Varsity Empowers SC Students Through Awareness of Constitutional Rights and Entrepreneurial Skills.

0

ਲੁਧਿਆਣਾ, 12 ਨਵੰਬਰ 2026 (ਛਤਰਪਾਲ ਸਿੰਘ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟੋਰੇਟ ਆਫ਼ ਸਟੂਡੈਂਟਸ ਵੈਲਫੇਅਰ ਵੱਲੋਂ ਅਨੁਸੂਚਿਤ ਜਾਤੀਆਂ (ਐੱਸ.ਸੀ.) ਨਾਲ ਸਬੰਧਤ ਵਿਦਿਆਰਥੀਆਂ ਦੇ ਉੱਦਮੀ ਹੁਨਰਾਂ ਦੇ ਵਿਕਾਸ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ। ਪਹਿਲੇ ਸੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਦੇ ਡਾਇਰੈਕਟਰ ਪ੍ਰੋ. (ਡਾ.) ਆਸ਼ੀਸ਼ ਵਿਰਕ ਨੇ ‘ਐੱਸ.ਸੀ. ਵਰਗ ਲਈ ਸੰਵਿਧਾਨ ਵਿੱਚ ਵਿਸ਼ੇਸ਼ ਵਿਵਸਥਾਵਾਂ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ‘ਆਪਣੇ ਅਧਿਕਾਰ ਜਾਣੋ, ਆਪਣਾ ਭਵਿੱਖ ਖ਼ੁਦ ਸੰਵਾਰੋ’ ਵਿਸ਼ੇ ਹੇਠ ਕਰਵਾਏ ਗਏ ਆਪਣੇ ਪ੍ਰਭਾਵਸ਼ਾਲੀ ਅਤੇ ਸੰਵਾਦਮਈ ਭਾਸ਼ਣ ਦੌਰਾਨ ਡਾ. ਵਿਰਕ ਨੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਮੌਲਿਕ ਅਧਿਕਾਰਾਂ ਅਤੇ ਮੌਲਿਕ ਫਰਜ਼ਾਂ ਬਾਰੇ ਵਿਸਥਾਰ ਨਾਲ ਸਮਝਾਇਆ।

ਉਨ੍ਹਾਂ ਨੇ ਸੰਵਿਧਾਨ ਦੇ ਵੱਖ-ਵੱਖ ਅਨੁਛੇਦਾਂ ਦੀ ਵਿਆਖਿਆ ਕਰਦਿਆਂ ਇੰਦਰ ਸਾਹਨੀ ਕੇਸ (1992), ਐੱਮ. ਨਾਗਰਾਜ ਕੇਸ (2006), ਅਸ਼ੋਕ ਕੁਮਾਰ ਠਾਕੁਰ ਕੇਸ (2008) ਅਤੇ ਪੰਜਾਬ ਰਾਜ ਬਨਾਮ ਦਵਿੰਦਰ ਸਿੰਘ ਕੇਸ (2024) ਸਮੇਤ ਕਈ ਮਹੱਤਵਪੂਰਨ ਇਤਿਹਾਸਕ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕਥਾਮ) ਐਕਟ, 1989 ਅਤੇ ਸਰਕਾਰ ਦੀਆਂ ਅਹਿਮ ਯੋਜਨਾਵਾਂ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ, ਟੌਪ ਕਲਾਸ ਐਜੂਕੇਸ਼ਨ, ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ, ਪੀ.ਐੱਮ.-ਅਜੈ ਹੋਸਟਲ ਅਤੇ ਸਟੈਂਡ-ਅੱਪ ਇੰਡੀਆ ਯੋਜਨਾ ਬਾਰੇ ਵੀ ਵਿਸਥਾਰ ਨਾਲ ਦੱਸਿਆ। ਡਾ. ਬੀ.ਆਰ. ਅੰਬੇਡਕਰ ਦੇ ਸੰਦੇਸ਼ ‘ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਸੰਗਠਿਤ ਹੋਵੋ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ, ਆਤਮਵਿਸ਼ਵਾਸੀ ਅਤੇ ਸਮਰੱਥ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।

ਦੂਜੇ ਸੈਸ਼ਨ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਗਿੱਲ ਰੋਡ, ਲੁਧਿਆਣਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਸਟੈਪ (STEP) ਦੇ ਮੁਖੀ ਡਾ. ਅਰਵਿੰਦ ਢੀਂਗਰਾ ਨੇ ‘ਆਈਡੀਆਸ਼ਨ ਅਤੇ ਡਿਜ਼ਾਈਨ ਥਿੰਕਿੰਗ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਉੱਦਮਾਂ ਵਿੱਚ ਬਦਲਣ ਅਤੇ ਨਵੀਨਤਾਕਾਰੀ ਨੂੰ ਕਰੀਅਰ ਦੇ ਰੂਪ ਵਿੱਚ ਅਪਣਾਉਣ ਲਈ ਉਤਸ਼ਾਹਿਤ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਕਿਹਾ ਕਿ ਸਾਡਾ ਸੰਵਿਧਾਨ ਸਿਰਫ਼ ਕਾਨੂੰਨਾਂ ਦੀ ਕਿਤਾਬ ਨਹੀਂ, ਸਗੋਂ ਸਨਮਾਨ ਅਤੇ ਬਰਾਬਰੀ ਦਾ ਵਾਅਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਾਰੇ ਵਿਦਿਆਰਥੀਆਂ ਦੇ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਹੈ।

90 ਤੋਂ ਵੱਧ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡਣ ਮੌਕੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਐੱਸ.ਸੀ. ਵਿਦਿਆਰਥੀਆਂ ਨੂੰ ਜਾਗਰੂਕ, ਆਤਮਵਿਸ਼ਵਾਸੀ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰਾਂ ਬਾਰੇ ਜਾਗਰੂਕਤਾ ਦੇ ਨਾਲ ਉੱਦਮੀ ਹੁਨਰਾਂ ਦਾ ਵਿਕਾਸ ਵਿਦਿਆਰਥੀਆਂ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗਾ। ਐੱਨ.ਐੱਸ.ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਨੇ ਸਮਾਗਮ ਦਾ ਸੰਚਾਲਨ ਕੀਤਾ। ਉਨ੍ਹਾਂ ਕਿਹਾ ਕਿ ਜਾਣਕਾਰੀ ਰੱਖਣ ਵਾਲਾ ਵਿਦਿਆਰਥੀ ਹੀ ਇੱਕ ਸਮਰੱਥ ਨਾਗਰਿਕ ਬਣ ਸਕਦਾ ਹੈ। ਜਦੋਂ ਵਿਦਿਆਰਥੀਆਂ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਹੋਵੇਗੀ ਤਾਂ ਉਹ ਆਪਣੇ ਭਵਿੱਖ ਨੂੰ ਬਿਹਤਰ ਢੰਗ ਨਾਲ ਸੰਵਾਰ ਸਕਣਗੇ। ਇਸ ਮੌਕੇ ਡਾ. ਐੱਸ.ਐੱਸ. ਹਸਨ, ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ, ਡਾ. ਨਿਤਿਨ ਵਾਕਚੌਰੇ, ਐੱਨ.ਐੱਸ.ਐੱਸ. ਪ੍ਰੋਗਰਾਮ ਕੋਆਰਡੀਨੇਟਰ ਤੋਂ ਇਲਾਵਾ ਐੱਨ.ਐੱਸ.ਐੱਸ. ਦੇ ਹੋਰ ਅਹੁਦੇਦਾਰ ਅਤੇ ਵਲੰਟੀਅਰ ਵੀ ਮੌਜੂਦ ਸਨ। ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦੇ ਦਿਲਚਸਪ ਸੈਸ਼ਨ ਨਾਲ ਹੋਈ।

 

Exit mobile version