ਚੰਡੀਗੜ੍ਹ, 21 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਪੰਜਾਬ ਦੇ ਪੈਟਰੋਲ ਪੰਪਾਂ ‘ਤੇ 16 ਅਕਤੂਬਰ 2026 ਤੋਂ 2000 ਰੁਪਏ ਤੋਂ ਵੱਧ ਦੀ UPI ਰਾਹੀਂ ਲੈਂਦੇ-ਦੇਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (Petrol Pumps Dealers Association Punjab) ਦੁਆਰਾ 0.4 ਫੀਸਦੀ ਮਰਚੈਂਟ ਡਿਸਕਾਊਂਟ ਰੇਟ (MDR) ਲਗਾਏ ਜਾਣ ਦੇ ਵਿਰੋਧ ਵਿੱਚ ਲਿਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਦੀ ਵਿਕਰੀ ‘ਤੇ ਪ੍ਰਤੀ ਲੀਟਰ ਮਹਿਜ਼ 2 ਫੀਸਦੀ ਦੇ ਲਗਭਗ ਕਮਿਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਪੰਪਾਂ ਦੇ ਬਿਜਲੀ ਦੇ ਬਿੱਲਾਂ, ਸਟਾਫ਼ ਦੀਆਂ ਤਨਖ਼ਾਹਾਂ ਅਤੇ ਹੋਰ ਰੱਖ-ਰਖਾਅ ‘ਤੇ ਭਾਰੀ ਖ਼ਰਚਾ ਹੁੰਦਾ ਹੈ।
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਹਰ ਰੋਜ਼ ਲਗਭਗ 30 ਤੋਂ 40 ਫੀਸਦੀ ਗਾਹਕ 2000 ਰੁਪਏ ਤੋਂ ਵੱਧ ਦੀ ਰਕਮ ਦੀ ਅਦਾਇਗੀ UPI (ਡਿਜੀਟਲ ਪੇਮੈਂਟ) ਰਾਹੀਂ ਕਰਦੇ ਹਨ। ਅਜਿਹੇ ਵਿੱਚ MDR ਦਾ ਵਾਧੂ ਖ਼ਰਚਾ ਬਰਦਾਸ਼ਤ ਕਰਨਾ ਡੀਲਰਾਂ ਲਈ ਬਹੁਤ ਔਖਾ ਹੋ ਜਾਵੇਗਾ। ਪਰਮਜੀਤ ਸਿੰਘ ਦੋਆਬਾ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਤੇਲ ਕੰਪਨੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਪੈਟਰੋਲ ਪੰਪ ਡੀਲਰਾਂ ਨੂੰ MDR ਦੀ ਦਰ ਤੋਂ ਛੋਟ ਦੇ ਕੇ ਰਾਹਤ ਪ੍ਰਦਾਨ ਕਰਨ।
