ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਵਿੱਚ ਏਕਤਾ ਨਹੀਂ ਹੋ ਰਹੀ ਤਾਂ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ-ਜਗਮੇਲ ਸਿੰਘ ਢਿੱਲੋ

ਲੁਧਿਆਣਾ: 24 ਜੂਨ 2026 (ਜਗਮੇਲ ਸਿੰਘ ਢਿੱਲੋ) : ਪੱਤਰਕਾਰ ਅਤੇ ਸਮਾਜਿਕ ਚਿੰਤਕ ਜਗਮੇਲ ਸਿੰਘ ਢਿੱਲੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿੱਚ ਏਕਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਮੌਜੂਦਾ ਸਮੇਂ ਦੁਨੀਆ ਭਰ ਦੇ ਸਿੱਖਾਂ ਵਿੱਚ ਅਕਾਲੀ ਦਲਾਂ ਪ੍ਰਤੀ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਕੌਮ ਦੀ ਕਮਜ਼ੋਰੀ ਅਤੇ ਵੰਡ ਦਾ ਮੁੱਖ ਕਾਰਨ ਅਹੁਦਿਆਂ ਅਤੇ ਕੁਰਸੀਆਂ ਲਈ ਚੱਲ ਰਹੀ ਖਿੱਚੋਤਾਣ ਹੈ।
ਜਗਮੇਲ ਸਿੰਘ ਢਿੱਲੋ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਵਿੱਚ ਏਕਤਾ ਨਹੀਂ ਹੋ ਰਹੀ ਤਾਂ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ ਹੋ ਜਾਣ ਤਾਂ ਅਕਾਲੀ ਧੜਿਆਂ ਦੀ ਏਕਤਾ ਦਾ ਰਾਹ ਤੁਰੰਤ ਖੁੱਲ ਸਕਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਮੁੜ ਸਥਾਪਿਤ ਕਰਨ ਲਈ ਸਰਬੱਤ ਖਾਲਸਾ ਬੁਲਾਇਆ ਜਾਵੇ ਅਤੇ ਪੰਥ ਦੀ ਸਹਿਮਤੀ ਨਾਲ ਜਥੇਦਾਰ ਦੀ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਰੱਖਿਆ ਕਰਨ ਲਈ ਸਹੁੰ ਚੁਕਾਈ ਜਾਵੇ ਅਤੇ ਸਾਰੇ ਸਿੱਖ ਆਪਣੇ ਨਿੱਜੀ ਅਤੇ ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਥਕ ਏਕਤਾ ਲਈ ਯਤਨ ਕਰਨ।
ਢਿੱਲੋ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਚਾਹੀਦਾ ਹੈ ਅਤੇ ਜੋ ਵੀ ਫੈਸਲਾ ਆਵੇ, ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਲੀ ਏਕਤਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ 21 ਮੈਂਬਰੀ ਕਮੇਟੀ ਬਣਾਈ ਜਾਵੇ, ਜੋ ਅਕਾਲੀ ਦਲ ਦਾ ਨਵਾਂ ਢਾਂਚਾ ਤਿਆਰ ਕਰੇ ਅਤੇ ਭਵਿੱਖ ਦੀਆਂ ਚੋਣਾਂ ਲਈ ਅਗਵਾਈ ਮੁਹੱਈਆ ਕਰੇ।
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਕਾਲੀ ਧੜਿਆਂ ਵਿੱਚ ਏਕਤਾ ਹੋ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਦੀ ਲੋੜ ਨਹੀਂ ਪਵੇਗੀ ਅਤੇ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਨੂੰ ਮਜ਼ਬੂਤ ਸਮਰਥਨ ਦੇ ਸਕਦੇ ਹਨ।
ਜਗਮੇਲ ਸਿੰਘ ਢਿੱਲੋ ਨੇ ਕਿਹਾ ਕਿ ਸਿੱਖ ਕੌਮ ਦੀ ਤਾਕਤ ਏਕਤਾ ਵਿੱਚ ਹੈ ਅਤੇ ਸਾਰੇ ਪੰਥਕ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਸਰਵੋੱਚ ਮੰਨਦੇ ਹੋਏ ਸਾਂਝੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ।
(97818-43774)








