Home ਸੰਸਾਰ ਕੈਨੇਡਾ ਤੋਂ ਮੰਦਭਾਗੀ ਖ਼ਬਰ: ਪੰਜਾਬ ਦੇ 2 ਬੱਚਿਆਂ ਦੇ ਪਿਤਾ ਦੀ ਨੀਂਦ...

ਕੈਨੇਡਾ ਤੋਂ ਮੰਦਭਾਗੀ ਖ਼ਬਰ: ਪੰਜਾਬ ਦੇ 2 ਬੱਚਿਆਂ ਦੇ ਪਿਤਾ ਦੀ ਨੀਂਦ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ

0

ਕੈਨੇਡਾ/ਬੇਗੋਵਾਲ:28 ਮਈ ,(ਸ਼.ਅ.ਬਿਓਰੋ): ਕੈਨੇਡਾ ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਪਿੰਡ ਨਡਾਲੀ ਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ (Heart Attack) ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਧਰਮਿੰਦਰ ਸਿੰਘ ਰਿੰਪਲ ਪੁੱਤਰ ਅਮਰੀਕਾ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਕਰੀਬ 4 ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਿਆ ਸੀ ਅਤੇ ਉੱਥੇ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣੇ ਬੈੱਡ ‘ਤੇ ਸੁੱਤਾ ਸੀ, ਪਰ ਅਗਲੇ ਦਿਨ ਸਵੇਰੇ ਉਹ ਉੱਠਿਆ ਹੀ ਨਹੀਂ। ਜਦੋਂ ਉਸ ਦਾ ਡਾਕਟਰੀ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਰਾਤ ਨੂੰ ਨੀਂਦ ਦੌਰਾਨ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ।

ਧਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਨੌਜਵਾਨ ਪੁੱਤ ਦੀ ਅਚਾਨਕ ਹੋਈ ਇਸ ਮੌਤ ਦੀ ਖ਼ਬਰ ਮਿਲਦਿਆਂ ਹੀ ਜੱਦੀ ਪਿੰਡ ਨਡਾਲੀ ਵਿਖੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਸਕਣ ਅਤੇ ਉਸ ਨੂੰ ਆਖਰੀ ਵਿਦਾਇਗੀ ਦੇ ਸਕਣ।

Exit mobile version