ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਸਕੂਲਾਂ ਦੇ ਬਲਾਕ ਕਾਊਂਸਲਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਸੈਸ਼ਨ
ਪਟਿਆਲਾ, 7 ਨਵੰਬਰ, 2026 (ਛਤਰਪਾਲ ਸਿੰਘ ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਕੂਲੀ ਪੱਧਰ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪਟਿਆਲਾ ਨੇ ਮਾਡਲ ਟਾਊਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬਲਾਕ ਕਾਊਂਸਲਰਾਂ ਲਈ ਜ਼ਿਲ੍ਹਾ ਪੱਧਰੀ ਕਰੀਅਰ ਕਾਊਂਸਲਿੰਗ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਸ਼ਨ ਕਰਵਾਇਆ। ਮਾਸ ਕਾਊਂਸਲਿੰਗ ਪ੍ਰੋਗਰਾਮ-2026 ਤਹਿਤ ਕਰਵਾਏ ਇਸ ਸੈਸ਼ਨ ਦੌਰਾਨ ਬਲਾਕ ਕਾਊਂਸਲਰਾਂ ਨੂੰ ਵਿਦਿਆਰਥੀਆਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਉੱਚ ਸਿੱਖਿਆ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ ਮੈਡੀਕਲ, ਇੰਜਨੀਅਰਿੰਗ, ਆਰਟਸ, ਕਾਮਰਸ, ਕਾਨੂੰਨ, ਖੇਡਾਂ ਅਤੇ ਰੱਖਿਆ ਸੇਵਾਵਾਂ ਸਮੇਤ ਵੱਖ-ਵੱਖ ਵਿਦਿਅਕ ਅਤੇ ਕਿੱਤਾਮੁਖੀ ਖੇਤਰਾਂ ਵਿੱਚ ਉਪਲਬਧ ਮੌਕਿਆਂ ਬਾਰੇ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਪੌਲੀਟੈਕਨਿਕ, ਆਈ.ਟੀ.ਆਈ., ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ.ਐੱਸ.ਡੀ.ਐੱਮ.) ਅਤੇ ਸੀ.ਪੀ.ਵਾਈ.ਟੀ.ਈ. ਰਾਹੀਂ ਹੁਨਰ ਵਿਕਾਸ ਅਤੇ ਤਕਨੀਕੀ ਸਿਖਲਾਈ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਚਾਹਲ, ਕਰੀਅਰ ਕਾਊਂਸਲਰ ਡਾ. ਰੂਪਸੀ ਪਾਹੂਜਾ ਅਤੇ ਮਾਣਿਕ ਰਾਜ ਸਿੰਗਲਾ ਤੋਂ ਇਲਾਵਾ ਥਾਪਰ ਪੌਲੀਟੈਕਨਿਕ ਕਾਲਜ ਤੋਂ ਯੋਗੇਸ਼, ਲੀਡ ਬੈਂਕ ਦੇ ਬ੍ਰਾਂਚ ਮੈਨੇਜਰ ਆਯੂਸ਼, ਪੀ.ਐੱਸ.ਡੀ.ਐੱਮ. ਤੋਂ ਗਗਨਦੀਪ ਕੌਰ, ਆਰ.ਐੱਸ.ਈ.ਟੀ.ਆਈ. ਤੋਂ ਹਰਦੀਪ ਸਿੰਘ, ਆਈ.ਟੀ.ਆਈ. (ਮਹਿਲਾ), ਨਾਭਾ ਤੋਂ ਹਰਸਿਮਰਨ ਕੌਰ, ਜ਼ਿਲ੍ਹਾ ਗਾਈਡੈਂਸ ਤੇ ਕਾਊਂਸਲਿੰਗ ਅਧਿਕਾਰੀ ਇੰਦਰਪ੍ਰੀਤ ਸਿੰਘ, ਸੀ.ਪੀ.ਵਾਈ.ਟੀ.ਈ. ਤੋਂ ਯਾਦਵਿੰਦਰ ਸਿੰਘ, ਸੈਨਿਕ ਭਲਾਈ ਵਿਭਾਗ ਤੋਂ ਪੱਪੀ ਸਿੰਘ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ਡਾ. ਅਰਵਿੰਦਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਨੌਜਵਾਨਾਂ ਲਈ ਉਪਲਬਧ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ, ਆਰ.ਐੱਸ.ਈ.ਟੀ.ਆਈ. ਅਤੇ ਵੱਖ-ਵੱਖ ਸਵੈ-ਰੋਜ਼ਗਾਰ ਕਰਜ਼ਾ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਉਪਰੰਤ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਢੁਕਵੀਂ ਅਗਵਾਈ ਮਿਲ ਸਕੇ। ਇਸ ਸਿਖਲਾਈ ਸੈਸ਼ਨ ਤੋਂ ਬਾਅਦ ਨਵੰਬਰ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸਰਕਾਰੀ ਸਕੂਲਾਂ ਵਿੱਚ ਬਲਾਕ ਕਾਊਂਸਲਰਾਂ ਵੱਲੋਂ ਕਰੀਅਰ ਜਾਗਰੂਕਤਾ ਅਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਕਿੱਤਾਮੁਖੀ ਕੋਰਸਾਂ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਦੇਣ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਉਦੇਸ਼ਪੂਰਨ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਜਾਵੇਗਾ।






