ਪਟਿਆਲਾ 4 ਅਗਸਤ, 2026 (ਛਤਰਪਾਲ ਸਿੰਘ) : ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਬਿਜਲੀ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਧ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐੱਲ) ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 7 ਅਗਸਤ, ਦਿਨ ਸ਼ੁੱਕਰਵਾਰ ਨੂੰ ਸਟੇਕਹੋਲਡਰ ਕੰਸਲਟੇਸ਼ਨ-ਕਮ-ਗ੍ਰੀਵੈਂਸ ਰੈੱਡਰੈੱਸਲ ਮੀਟਿੰਗਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਨ੍ਹਾਂ ਮੀਟਿੰਗਾਂ ਦੀ ਅਗਵਾਈ ਖੁਦ ਪੀਐਸਪੀਸੀਐੱਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ.ਬਸੰਤ ਗਰਗ ਅਤੇ ਕਾਰਪੋਰੇਸ਼ਨ ਦੇ ਚਾਰੋਂ ਡਾਇਰੈਕਟਰ ਕਰਨਗੇ। ਇਸ ਦੌਰਾਨ ਪੀਐਸਪੀਸੀਐੱਲ ਦੇ ਸੀਐੱਮਡੀ ਡਾ.ਬਸੰਤ ਗਰਗ ਵਲੋਂ ਪੱਤਰ ਜਾਰੀ ਕਰਦਿਆਂ ਪੀਐਸਪੀਸੀਐੱਲ ਦੇ ਚਾਰੋਂ ਡਾਇਰੈਕਟਰ ਨੂੰ ਆਪਣੇ-ਆਪਣੇ ਨਿਰਧਾਰਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਸੰਬੰਧਿਤ ਧਿਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਸੁਣ ਕੇ ਮੌਕੇ ’ਤੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਬਾਰੇ ਕਿਹਾ ਹੈ। ਡਾ.ਗਰਗ ਅਨੁਸਾਰ ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਆਮ ਜਨਤਾ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਸਮੇਤ ਹੋਰ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ, ਬਿਜਲੀ ਸੇਵਾਵਾਂ ਵਿੱਚ ਸੁਧਾਰ ਲਿਆਉਣਾ ਤੋਂ ਇਲਾਵਾ ਮੌਕੇ ਤੇ ਹਾਲਾਤ ਜਾਨਣਾ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਾਂਹਵਧੂ ਸੋਚ ਸਦਕਾ ਇਸ ਮੀਟਿੰਗਾਂ ਦੌਰਾਨ ਜਿਥੇ ਉਕਤ ਅਧਿਕਾਰੀਆਂ ਨੂੰ ਧਰਾਤਲੀ ਪੱਧਰ ਤੇ ਆ ਰਹੀਆਂ ਸਮੱਸਿਆ ਬਾਰੇ ਜਾਣੂ ਕਰਵਾਇਆ ਜਾਵੇਗਾ ਉਥੇ ਹੀ ਦੌਰੇ ਉਪਰੰਤ ਹਰ ਡਾਇਰੈਕਟਰ ਵੱਲੋਂ ਮੀਟਿੰਗ ਵਿੱਚ ਵਿਚਾਰੇ ਗਏ ਮੁੱਦਿਆਂ, ਕੀਤੀ ਗਈ ਕਾਰਵਾਈ ਅਤੇ ਬਕਾਇਆ ਮਾਮਲਿਆਂ ਸਬੰਧੀ ਵਿਸਥਾਰਪੂਰਵਕ ਰਿਪੋਰਟ ਸੀਐੱਮਡੀ ਡਾ. ਬਸੰਤ ਗਰਗ ਨੂੰ ਸੌਂਪਣਗੇ। ਉਹਨਾਂ ਡਾਇਰੈਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਦੌਰੇ ਸਬੰਧੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ, ਜ਼ਿਲ੍ਹਿਆਂ ਵਿੱਚ ਪ੍ਰਾਪਤ ਜਨਤਕ ਅਤੇ ਉਦਯੋਗਿਕ ਸ਼ਿਕਾਇਤਾਂ ਦੀ ਸਮੀਖਿਆ ਕਰਨ, ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਲੰਬਿਤ ਮਾਮਲਿਆਂ ਦੇ ਸਮੇਂਬੱਧ ਹੱਲ ਲਈ ਫੀਲਡ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ। ਡਾ.ਗਰਗ ਨੇ ਆਮ ਜਨਤਾ, ਉਦਯੋਗਿਕ ਖਪਤਕਾਰਾਂ ਅਤੇ ਵਪਾਰਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋ ਕੇ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਸਾਂਝੇ ਕਰਨ, ਤਾਂ ਜੋ ਬਿਜਲੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਬਣਾਇਆ ਜਾ ਸਕੇ।
ਉਦਯੋਗਿਕ ਖਪਤਕਾਰਾਂ ਅਤੇ ਵਪਾਰਕ ਸੰਸਥਾਵਾਂ ਆਪਣੀ ਸਮੂਲੀਅਤ ਯਕੀਨੀ ਬਣਾਉਣ – ਸੀਐੱਮਡੀ ਡਾ.ਬਸੰਤ ਗਰਗ
ਸਟੇਕਹੋਲਡਰ ਕੰਸਲਟੇਸ਼ਨ-ਕਮ-ਗ੍ਰੀਵੈਂਸ ਰੈੱਡਰੈੱਸਲ ਮੀਟਿੰਗਾਂ ਬਾਰੇ ਜਾਣਕਾਰੀ ਦਿੰਦਿਆਂ ਪੀਐਸਪੀਸੀਐੱਲ ਦੇ ਸੀਐੱਮਡੀ ਡਾ.ਬਸੰਤ ਗਰਗ ਨੇ ਦੱਸਿਆ ਕਿ ਮੁਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਪੀਐਸਪੀਸੀਐੱਲ ਦੀਆਂ ਸੇਵਾਵਾਂ ਦਾ ਹਰ ਵਰਗ ਲਾਭ ਉਠਾ ਸਕੇ ਅਤੇ ਆਮ ਜਨਤਾ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਸ ਵਿਸ਼ੇ ਦੇ ਸੰਬੰਧ ਵਿਚ ਹੀ ਸੂਬੇ ਦੇ 5 ਜ਼ਿਲ੍ਹਿਆਂ ਜ੍ਹਿਨਾਂ ਵਿਚ ਸੀਐੱਮਡੀ ਡਾ. ਬਸੰਤ ਗਰਗ, ਖ਼ੁਦ ਲੁਧਿਆਣਾ ਵਿਚ, ਡਾਇਰੈਕਟਰ (ਕਮਰਸ਼ੀਅਲ) ਹਰਸ਼ਰਨ ਕੌਰ ਤ੍ਰੇਹਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਇੰਦਰਪਾਲ ਸਿੰਘ ਜ਼ਿਲ੍ਹਾ ਬਠਿੰਡਾ, ਡਾਇਰੈਕਟਰ (ਫ਼ਾਇਨਾਂਸ) ਸੁਰਿੰਦਰ ਕੁਮਾਰ ਬੇਰੀ ਜ਼ਿਲ੍ਹਾ ਜਲੰਧਰ ਅਤੇ ਡਾਇਰੈਕਟਰ (ਜਨਰੇਸ਼ਨ) ਪੁੰਨਰਦੀਪ ਸਿੰਘ ਬਰਾੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਦੌਰਾ ਕਰਕੇ ਲੋਕ ਰਾਏ ਜਾਣਗੇ ਅਤੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਲਈ ਢੁਕਵੇਂ ਫੈਸਲੇ ਲੈਣਗੇ |






