ਪਟਿਆਲਾ, 4 ਸਤੰਬਰ, 2026 (ਦੀਪਕ ਦੱਤਾ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈ ਮਿਸ਼ਨ ਕਲੀਨ ਪਟਿਆਲਾ ਮੁਹਿੰਮ ਦੇ ਪਿਛਲੇ 17 ਅਭਿਆਨਾਂ ਵਿੱਚ, 51 ਵੱਖ-ਵੱਖ ਸੰਸਥਾਵਾਂ ਦੀ ਸ਼ਮੂਲੀਅਤ ਤੇ ਹਜ਼ਾਰ ਤੋਂ ਵੱਧ ਵਲੰਟੀਅਰਾਂ ਨੇ ਸੜਕਾਂ ਤੋਂ 12 ਮੀਟ੍ਰਿਕ ਟਨ ਤੋਂ ਵੱਧ ਕੂੜਾ ਸਾਫ਼ ਕੀਤਾ ਹੈ। ਇਸ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹਾ ਸਿੱਖਿਆ ਵਿੰਗ ਦੇ ਸਹਿਯੋਗ ਨਾਲ ਤ੍ਰਿਪੜੀ ਵਿਖੇ ਇੱਕ ਵਿਸ਼ੇਸ਼ ਸੜਕ ਸਫ਼ਾਈ ਮੁਹਿੰਮ ਚਲਾਈ ਗਈ। ਜਿਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੁਦ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਤੇ ਆਮ ਨਾਗਰਿਕਾਂ ਨੂੰ ਸਫ਼ਾਈ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਬੋਰਡ ਅਤੇ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਪਟਿਆਲਾ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਮਾਜ ਨੂੰ ਨਾਲ ਜੋੜਨ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰੇਹੜੀ-ਫੜ੍ਹੀ ਵਾਲਿਆਂ ਸਮੇਤ ਕੂੜਾ ਫੈਲਾਉਣ ਵਾਲੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਡਾ ਬਲਬੀਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਸਫ਼ਾਈ ਮੁਹਿੰਮ ਵਿੱਚ ਵਲੰਟੀਅਰ ਵਜੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਸਕੂਲ ਦੇ ਨਾਲ-ਨਾਲ ਘਰਾਂ ਅਤੇ ਆਲੇ-ਦੁਆਲੇ ਨੂੰ ਵੀ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਅਤੇ ਨਵੀਂ ਪੀੜ੍ਹੀ ਵਿੱਚ ਜ਼ਿੰਮੇਵਾਰ ਖਪਤ ਅਤੇ ਵਾਤਾਵਰਣ ਪੱਖੀ ਆਦਤਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਪੀ.ਪੀ.ਸੀ.ਬੀ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ‘ਮਿਸ਼ਨ ਕਲੀਨ ਪਟਿਆਲਾ’ ਸਫ਼ਾਈ ਨੂੰ ਇੱਕ ਅਸਥਾਈ ਗਤੀਵਿਧੀ ਦੀ ਬਜਾਏ ਇੱਕ ਨਿਰੰਤਰ ਸਮਾਜਿਕ ਆਦਤ ਵਿੱਚ ਬਦਲਣਾ ਚਾਹੁੰਦਾ ਹੈ। ਇਹ ਮੁਹਿੰਮ ਸਰਕਾਰੀ ਵਿਭਾਗਾਂ, ਸਿੱਖਿਆ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਨਾਗਰਿਕਾਂ ਨੂੰ ਜਨਤਕ ਸਥਾਨਾਂ ਦੀ ਸਾਂਝੀ ਜ਼ਿੰਮੇਵਾਰੀ ਚੁੱਕਣ ਲਈ ਇੱਕ ਮੰਚ ‘ਤੇ ਲਿਆਉਂਦੀ ਹੈ। ਇਹ ਮੁਹਿੰਮ ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਦੇ ਵਾਤਾਵਰਣ ਸੁਰੱਖਿਆ ਨੂੰ ਇੱਕ ਜਨ ਅੰਦੋਲਨ ਬਣਾਉਣ ਦੇ ਵਿਜ਼ਨ ਨੂੰ ਦਰਸਾਉਂਦੀ ਹੈ, ਜਿੱਥੇ ਸੰਸਥਾਵਾਂ ਅਤੇ ਨਾਗਰਿਕ ਕੇਵਲ ਸਾਫ਼-ਸੁਥਰੇ ਆਲੇ-ਦੁਆਲੇ ਦੀ ਉਮੀਦ ਹੀ ਨਹੀਂ ਰੱਖਦੇ ਸਗੋਂ ਇਸ ਨੂੰ ਬਣਾਉਣ ਅਤੇ ਬਰਕਰਾਰ ਰੱਖਣ ਵਿੱਚ ਸਰਗਰਮ ਯੋਗਦਾਨ ਵੀ ਪਾਉਂਦੇ ਹਨ। ਨਿਯਮਤ ਸੜਕ ਸਫ਼ਾਈ ਮੁਹਿੰਮਾਂ ਅਤੇ ਜਨਤਕ ਭਾਗੀਦਾਰੀ ਰਾਹੀਂ, ਇਸ ਪਹਿਲਕਦਮੀ ਦਾ ਉਦੇਸ਼ ਇੱਕ ਸਥਾਈ ਵਿਵਹਾਰਕ ਬਦਲਾਅ ਲਿਆਉਣਾ ਹੈ, ਖਾਸ ਕਰਕੇ ਯੁਵਾ ਪੀੜ੍ਹੀ ਵਿੱਚ ਜੋ ਸਫ਼ਾਈ ਅਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਆਪਣੇ ਪਰਿਵਾਰਾਂ ਅਤੇ ਸਮਾਜ ਤੱਕ ਪਹੁੰਚਾ ਸਕਦੇ ਹਨ। ਚੇਅਰਪਰਸਨ, ਰੀਨਾ ਗੁਪਤਾ ਨੇ ਕਿਹਾ ਕਿ “ਮਿਸ਼ਨ ਕਲੀਨ ਪਟਿਆਲਾ ਸਾਡੇ ਜਨਤਕ ਸਥਾਨਾਂ ‘ਤੇ ਆਪਣੀ ਮਲਕੀਅਤ ਅਤੇ ਅਪਣੱਤ ਦੀ ਭਾਵਨਾ ਪੈਦਾ ਕਰਨ ਬਾਰੇ ਹੈ। ਜਦੋਂ ਇੱਕ ਵਿਦਿਆਰਥੀ ਜਨਤਕ ਸੜਕ ਤੋਂ ਕੂੜੇ ਦਾ ਟੁਕੜਾ ਚੁੱਕਦਾ ਹੈ, ਤਾਂ ਇਹ ਕੇਵਲ ਇੱਕ ਸਫ਼ਾਈ ਗਤੀਵਿਧੀ ਨਹੀਂ, ਸਗੋਂ ਨਾਗਰਿਕਤਾ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਇੱਕ ਸ਼ਕਤੀਸ਼ਾਲੀ ਪਾਠ ਹੈ। ਸਾਡਾ ਵਿਜ਼ਨ ਹਰ ਪੀੜ੍ਹੀ ਵਿੱਚ ਸਫ਼ਾਈ ਨੂੰ ਇੱਕ ਸਾਂਝੀ ਆਦਤ ਬਣਾਉਣਾ ਹੈ, ਜਿੱਥੇ ਹਰੇਕ ਸੰਸਥਾ, ਹਰ ਭਾਈਚਾਰਾ ਅਤੇ ਹਰ ਨਾਗਰਿਕ ਪਟਿਆਲਾ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਵਿੱਚ ਆਪੋ-ਆਪਣਾ ਯੋਗਦਾਨ ਪਾਵੇ।” ਬੋਰਡ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਿਹਤ ਮੰਤਰੀ, ਵਿਦਿਆਰਥੀਆਂ, ਅਧਿਆਪਕਾਂ, ਨਿਗਮ ਕਰਮਚਾਰੀਆਂ, ਅਧਿਕਾਰੀਆਂ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਪੀ.ਸੀ.ਬੀ. ਸਫ਼ਾਈ ਅਤੇ ਵਾਤਾਵਰਣ ਸੰਭਾਲ ਵਿੱਚ ਜਨਤਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੂਰੇ ਪਟਿਆਲਾ ਵਿੱਚ ਅਜਿਹੀਆਂ ਕਮਿਊਨਿਟੀ-ਲੇਡ ਪਹਿਲਕਦਮੀਆਂ ਨੂੰ ਲਗਾਤਾਰ ਜਾਰੀ ਰੱਖੇਗਾ।
ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 17 ਦਿਨਾਂ ‘ਚ 50 ਤੋਂ ਵੱਧ ਸੰਸਥਾਵਾਂ ਦੇ 1000 ਤੋਂ ਜਿਆਦਾ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ 12 ਟਨ ਤੋਂ ਵੱਧ ਕੂੜਾ ਚੁੱਕਿਆ
12 Tonnes of Waste Collected in 17 Days Under Mission Clean Patiala
RELATED ARTICLES







