ਪਟਿਆਲਾ, 17 ਅਗਸਤ, 2026 (ਦੀਪਕ ਦੱਤਾ) : ਸਮਾਜ ਭਲਾਈ ਕਾਰਜਾਂ ਵਿੱਚ ਮੋਹਰੀ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਕੈਰੀਅਰ ਡਿਫੈਂਸ ਸਕੂਲ, ਨਾਭਾ ਰੋਡ ਵੱਲੋਂ 15 ਅਗਸਤ ਆਜ਼ਾਦੀ ਦਿਵਸ ਦੇ ਸ਼ੁਭ ਅਵਸਰ ‘ਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਆਯੋਜਨ ਸਕੂਲ ਵਿਖੇ ਪਟਿਆਲਾ ਵਿਖੇ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਅਤੇ ਉਮੰਗ ਸੰਸਥਾ ਦੇ ਆਗੂਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਖ਼ੂਨਦਾਨ ਕੈਂਪ ਦਾ ਮੁੱਖ ਮਕਸਦ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਖ਼ੂਨ ਦੀ ਘਾਟ ਨੂੰ ਪੂਰਾ ਕਰਨਾ ਅਤੇ ਨੌਜਵਾਨ ਪੀੜ੍ਹੀ ਵਿੱਚ ਸਮਾਜ ਸੇਵਾ ਦਾ ਜਜ਼ਬਾ ਪੈਦਾ ਕਰਨਾ ਸੀ। ਇਸ ਮੌਕੇ ਉਮੰਗ ਸੰਸਥਾ ਤੋਂ ਯੋਗੇਸ਼ ਪਾਠਕ, ਭਾਵਨਾ ਪਾਠਕ ਅਕਾਉਂਟ ਅਫ਼ਸਰ, ਅਕਾਂਕਸ਼ਾ, ਗੋਕੁਲ , ਵਿਮਲ ਸ਼ਰਮਾ, ਪਰਮਜੀਤ ਸਿੰਘ, ਰਾਜਿੰਦਰ ਸਿੰਘ ਅਤੇ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਸਨ.
ਇਸ ਮੌਕੇ ਉਮੰਗ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਕੈਰੀਅਰ ਡਿਫੈਂਸ ਸਕੂਲ ਦੇ ਸੀ.ਈ.ਓ. ਇੰਜੀ. ਵਿਨੈ ਰਾਏ, ਪ੍ਰਿੰਸੀਪਲ ਸ਼੍ਰੀਮਤੀ ਤਰਨਜੋਤ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕਨਿਕਾ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਖ਼ੂਨਦਾਨ ਕਰਨਾ ਦੇਸ਼ ਦੇ ਸ਼ਹੀਦਾਂ ਨੂੰ ਸਭ ਤੋਂ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਇੱਕ ਬੂੰਦ ਖ਼ੂਨ ਕਿਸੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ, ਇਸ ਲਈ ਸਮਾਜ ਦੇ ਹਰ ਵਰਗ ਨੂੰ ਅਜਿਹੇ ਨੇਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕੈਂਪ ਦੇ ਸਫ਼ਲ ਪ੍ਰਬੰਧਨ ਵਿੱਚ ਸਕੂਲ ਦੇ ਪੀ.ਆਰ.ਓ. ਸ੍ਰੀ ਸੰਜੀਵ, ਪੀ.ਆਰ.ਓ. ਮਿਸ ਅਨੁਰਾਧਾ, ਰਾਜੇਸ਼, ਰਾਕੇਸ਼, ਦਵਿੰਦਰ ਸਮੇਤ ਸਮੂਹ ਸਟਾਫ਼ ਮੈਂਬਰਾਂ ਅਤੇ ਉਮੰਗ ਫਾਊਂਡੇਸ਼ਨ ਦੇ ਵਲੰਟੀਅਰਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ। ਅੰਤ ਵਿੱਚ ਖ਼ੂਨਦਾਨੀਆਂ ਨੂੰ ਉਮੰਗ ਸੰਸਥਾ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
