ਫਤਹਿਗੜ੍ਹ ਸਾਹਿਬ, 07 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਐਸ.ਸੀ ਵਰਗ ਦੇ ਸਿਖਿਆਰਥੀਆਂ ਲਈ ਦੋ ਹਫਤੇ ਦਾ ਮੁਫਤ ਡੇਅਰੀ ਸਿਖਲਾਈ ਦਾ ਬੈਚ ਮਿਤੀ 14 ਸਤੰਬਰ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ ਬੀਜਾ, ਅਤੇ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਸਿਖਲਾਈ ਲੈ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਦਲਬੀਰ ਕੁਮਾਰ ਨੇ ਦਿੱਤੀ।
ਸ੍ਰੀ ਦਲਬੀਰ ਸਿੰਘ ਨੇ ਦੱਸਿਆ ਕਿ ਸਿਖਲਾਈ ਚ ਭਾਗ ਲੈਣ ਵਾਲਾ ਸਿਖਿਆਰਥੀ ਐਸ.ਸੀ. ਜਾਤੀ ਨਾਲ ਸਬੰਧਤ ਹੋਵੇ ਅਤੇ ਪੇਂਡੂ ਖੇਤਰ ਦਾ ਵਸਨੀਕ ਹੋਵੇ ਅਤੇ ਘੱਟੋ-ਘੱਟ ਪੰਜਵੀ ਪਾਸ ਹੋਵੇ ,ਉਮਰ 18 ਸਾਲ ਤੋਂ ਵੱਧ ਹੋਵੇ ਅਤੇ 55 ਸਾਲ ਤੋਂ ਘੱਟ ਹੋਵੇ। ਉਨ੍ਹਾਂ ਦੱਸਿਆ ਕਿ ਐਸ.ਸੀ. ਜਾਤੀ ਨਾਲ ਸਬੰਧਤ ਵਿਆਹੀ ਮਹਿਲਾ ਹੀ ਇਸ ਸਿਖਲਾਈ ਵਿੱਚ ਭਾਗ ਲੈ ਸਕਦੀ ਹੈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਤਹਿਗੜ੍ਹ ਸਾਹਿਬ ਵਿਖੇ ਕਾਉਂਸਲਿੰਗ ਕੀਤੀ ਜਾਵੇਗੀ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਇਜ ਫੋਟੋ ਅਤੇ ਬੈਂਕ ਪਾਸ ਬੁੱਕ ਦੀ ਕਾਪੀ ਲੈ ਕੇ ਦਫਤਰ ਚ ਆਉਣ।
ਉਨ੍ਹਾ ਹੋਰ ਦੱਸਿਆ ਕਿ ਇਸ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁੱਚਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਭਾਗ ਲੈਣ ਵਾਲੇ ਐਸ.ਸੀ ਸਿਖਿਆਰਥੀਆਂ ਨੂੰ ਵਿਭਾਗ ਵਲੋਂ 3500 ਰੁਪਏ ਵਜੀਫਾ ਵੀ ਦਿਤਾ ਜਾਵੇਗਾ ਅਤੇ 2,5, ਅਤੇ 10 ਪਸ਼ੂਆਂ ਦੇ ਡੇਅਰੀ ਯੂਨਿਟ ਬਣਾਉਣ ਤੇ 33% ਸਬਸਿਡੀ ਵੀ ਦਿਤੀ ਜਾਵੇਗੀ । ਉਨ੍ਹਾਂ ਸਮੂਹ ਚਾਹਵਾਨ ਐਸ ਸੀ ਸਿਖਿਆਰਥੀ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਇਸ ਸਿਖਲਾਈ ਪ੍ਰੋਗਰਾਮ ਵਿਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ । ਹੋਰ ਵਧੇਰੇ ਜਾਣਕਾਰੀ ਲੈਣ ਲਈ 81460-30086 ਅਤੇ 01763-233334 ਤੇ ਸੰਪਰਕ ਕੀਤਾ ਜਾ ਸਕਦਾ ਹੈ।
