ਚੰਡੀਗੜ੍ਹ, 18 ਅਕਤੂਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਤਾਕਤ, ਸੁਸ਼ਾਸਨ ਦੇ ਸੰਕਲਪ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਨਾਲ ਸੂਬਾ ਸਰਕਾਰ ਨੇ ਆਪਣੇ ਲਗਾਤਾਰ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਲਏ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਨੇ ਜਿਸ ਵਿਸ਼ਵਾਸ ਨਾਲ ਸਰਕਾਰ ਨੂੰ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੈ, ਸਰਕਾਰ ਉਸ ਨੂੰ ਪੂਰੀ ਨਿਸ਼ਠਾ, ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨਾਲ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਰਾਜਨੀਤੀ ਸੱਤਾ ਲਈ ਨਹੀਂ, ਸਗੋਂ ਸੇਵਾ ਲਈ ਹੈ। ਸੂਬੇ ਦੇ 2 ਕਰੋੜ 80 ਲੱਖ ਨਾਗਰਿਕਾਂ ਦੀਆਂ ਉਮੀਦਾਂ ਸਾਡੀ ਤਰਜੀਹ ਹਨ ਅਤੇ ਹਰਿਆਣਾ ਨੂੰ ਵਿਕਾਸ, ਬਰਾਬਰ ਮੌਕਿਆਂ ਅਤੇ ਲੋਕ ਭਲਾਈ ਦੇ ਨਵੇਂ ਮੁਕਾਮਾਂ ਤੱਕ ਪਹੁੰਚਾਉਣਾ ਸਾਡਾ ਸੰਕਲਪ ਹੈ। ਮੁੱਖ ਮੰਤਰੀ ਚੰਡੀਗੜ੍ਹ ਵਿੱਚ ਸੂਬਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ’ਤੇ ਆਧਾਰਿਤ ਪੁਸਤਿਕਾ ਦਾ ਵੀ ਉਦਘਾਟਨ ਕੀਤਾ।
ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਹਰਿਆਣਾ ਨੂੰ ਨੰਬਰ ਵਨ ਦੱਸਣ ਵਾਲੇ ਲੋਕਾਂ ਨੂੰ ਅੱਜ ਸੂਬੇ ਦੀ ਅਸਲ ਤਰੱਕੀ ਅਤੇ ਬਦਲਦੀ ਤਸਵੀਰ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਦੇ ਸਮੇਂ ਵਿੱਚ ਹਰਿਆਣਾ ਨੰਬਰ ਵਨ ਤਾਂ ਸੀ, ਪਰ ਪਰਚੀ-ਖਰਚੀ, ਭਾਈ-ਭਤੀਜਾਵਾਦ, ਡਰ, ਭ੍ਰਿਸ਼ਟਾਚਾਰ ਅਤੇ ਖੇਤਰਵਾਦ ਦੇ ਮਾਮਲੇ ਵਿੱਚ ਨੰਬਰ ਵਨ ਸੀ। ਨੌਕਰੀਆਂ ਵਿੱਚ ਯੋਗਤਾ ਦੀ ਬਜਾਏ ਸਿਫ਼ਾਰਸ਼ ਅਤੇ ਪਰਚੀ-ਖਰਚੀ ਦਾ ਬੋਲਬਾਲਾ ਸੀ। ਪਾਤਾਲ ਤੋਂ ਲੈ ਕੇ ਆਕਾਸ਼ ਤੱਕ ਘੁਟਾਲੇ ਸਨ। ਅਜਿਹੇ ਸ਼ਾਸਨ ਨੇ ਸੂਬੇ ਦੇ ਵਿਕਾਸ ਨੂੰ ਪਿੱਛੇ ਧੱਕਿਆ ਅਤੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਦੀ ਸਰਕਾਰ ਦੇ 10 ਸਾਲਾਂ ਦੌਰਾਨ ਸੂਬੇ ਦੇ ਇੱਕੋ ਖੇਤਰ ਦਾ ਵਿਕਾਸ ਕੀਤਾ ਗਿਆ ਅਤੇ ਬਾਕੀ ਹਰਿਆਣਾ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ-ਤਿੰਨ ਦਿਨਾਂ ਬਾਅਦ ਗੈਸ ਸਿਲੰਡਰ ਮਿਲਦਾ ਸੀ, ਇਸ ਮਾਮਲੇ ਵਿੱਚ ਹਰਿਆਣਾ ਨੰਬਰ ਵਨ ਸੀ। ਝੂਠੇ ਵਾਅਦਿਆਂ ਵਿੱਚ ਨੰਬਰ ਵਨ ਸੀ। ਉਹ ਕਹਿੰਦੇ ਸਨ ਕਿ 24 ਘੰਟੇ ਬਿਜਲੀ ਦੇਣਗੇ, ਪਰ ਹਰਿਆਣਾ 4 ਤੋਂ 5 ਘੰਟੇ ਬਿਜਲੀ ਮਿਲਣ ਦੇ ਮਾਮਲੇ ਵਿੱਚ ਨੰਬਰ ਵਨ ਸੀ। ਇਹੀ ਕਾਰਨ ਹੈ ਕਿ ਜਾਗਰੂਕ ਹਰਿਆਣਵੀਆਂ ਨੇ ਬਦਲਾਅ ਦਾ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ।
ਸੱਤਾ ਵਿੱਚ ਰਹਿੰਦਿਆਂ ਲੋਕਾਂ ਨੂੰ ਮਿਲਦੇ ਤੱਕ ਨਹੀਂ ਸਨ, ਅੱਜ ਸੜਕਾਂ ’ਤੇ ਘੁੰਮ ਰਹੇ ਹਨ ਕਾਂਗਰਸੀ ਨੇਤਾ
ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ’ਤੇ ਤੰਜ਼ ਕੱਸਦਿਆਂ ਕਿਹਾ ਕਿ ਅੱਜ ਕੁਝ ਲੋਕ ਸੜਕਾਂ ’ਤੇ ਘੁੰਮ ਕੇ ਜਨਤਾ ਦੇ ਵਿਚਕਾਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਦੋਂ ਉਨ੍ਹਾਂ ਦੇ ਹੱਥ ਵਿੱਚ ਸੱਤਾ ਸੀ, ਉਦੋਂ ਉਹ ਆਮ ਲੋਕਾਂ ਨੂੰ ਮਿਲਣਾ ਤੱਕ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਲੋਕਾਂ ਦੇ ਪਸੀਨੇ ਦੀ ਬਦਬੂ ਆਉਂਦੀ ਸੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਨੂੰ ਤੰਗ-ਪਰੇਸ਼ਾਨੀ ਝੱਲਣੀ ਪਈ ਅਤੇ ਜਨਤਾ ਨੇ ਇਸ ਦਾ ਜਵਾਬ ਦੇ ਦਿੱਤਾ ਹੈ।
‘ਵਿਕਸਤ ਭਾਰਤ-2047’ ਦੇ ਵਿਜ਼ਨ ਅਨੁਸਾਰ ਹਰਿਆਣਾ ਨੂੰ ਦੇਸ਼ ਦਾ ਮੋਹਰੀ ਵਿਕਸਤ ਸੂਬਾ ਬਣਾਉਣ ਦਾ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵਿਕਸਤ ਭਾਰਤ-2047’ ਦੇ ਵਿਜ਼ਨ ਅਨੁਸਾਰ ਹਰਿਆਣਾ ਨੂੰ ਦੇਸ਼ ਦਾ ਮੋਹਰੀ ਵਿਕਸਤ ਸੂਬਾ ਬਣਾਉਣਾ ਸਰਕਾਰ ਦਾ ਸੰਕਲਪ ਹੈ। ਇਸੇ ਦਿਸ਼ਾ ਵਿੱਚ ‘ਵਿਕਸਤ ਹਰਿਆਣਾ, ਵਿਕਸਤ ਭਾਰਤ’ ਦੀ ਭਾਵਨਾ ਨਾਲ ਹਰ ਨੀਤੀ, ਯੋਜਨਾ ਅਤੇ ਫ਼ੈਸਲੇ ਨੂੰ ਕਿਸਾਨ ਦੀ ਖੁਸ਼ਹਾਲੀ, ਗਰੀਬ ਦੇ ਆਰਥਿਕ ਸਸ਼ਕਤੀਕਰਨ, ਨੌਜਵਾਨਾਂ ਦੇ ਰੁਜ਼ਗਾਰ, ਮਹਿਲਾਵਾਂ ਦੇ ਸਨਮਾਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਵਿਸਥਾਰ ’ਤੇ ਕੇਂਦਰਿਤ ਕੀਤਾ ਗਿਆ ਹੈ।
ਸੰਕਲਪਾਂ ਨੂੰ ਸਿੱਧੀ ਵਿੱਚ ਬਦਲਣ ਦੀ ਦਿਸ਼ਾ ਵਿੱਚ ਠੋਸ ਕਦਮ, 217 ਵਿੱਚੋਂ 76 ਸੰਕਲਪ ਦੋ ਸਾਲਾਂ ਵਿੱਚ ਪੂਰੇ
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ‘ਵਿਕਸਤ ਹਰਿਆਣਾ, ਵਿਕਸਤ ਭਾਰਤ’ ਦੀ ਮਜ਼ਬੂਤ ਨੀਂਹ ਕਿਸਾਨ ਦੀ ਖੁਸ਼ਹਾਲੀ, ਗਰੀਬ ਦੀ ਆਰਥਿਕ ਸੁਰੱਖਿਆ, ਨੌਜਵਾਨਾਂ ਦੇ ਰੁਜ਼ਗਾਰ, ਮਹਿਲਾਵਾਂ ਦੇ ਸਨਮਾਨ ਅਤੇ ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਬਣਦੀ ਹੈ। ਪਿਛਲੇ ਦੋ ਸਾਲਾਂ ਦੌਰਾਨ ਸਾਡੀ ਸਰਕਾਰ ਦੇ ਹਰ ਫ਼ੈਸਲੇ ਅਤੇ ਹਰ ਯੋਜਨਾ ਦੇ ਕੇਂਦਰ ਵਿੱਚ ਇਹੀ ਸੋਚ ਰਹੀ ਹੈ। ਅਸੀਂ ਜੋ ਕਹਿੰਦੇ ਹਾਂ, ਉਹ ਕਰਕੇ ਵੀ ਦਿਖਾਉਂਦੇ ਹਾਂ। ਇਸ ਦਾ ਸਬੂਤ ਇਹ ਹੈ ਕਿ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਆਪਣੇ ਸੰਕਲਪ-ਪੱਤਰ ਦੇ 217 ਵਿੱਚੋਂ 76 ਸੰਕਲਪਾਂ ਨੂੰ ਸਿਰਫ਼ ਦੋ ਸਾਲਾਂ ਵਿੱਚ ਹੀ ਪੂਰਾ ਕਰਕੇ ਦਿਖਾਇਆ ਹੈ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ, ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ, ਨਕਲੀ ਖਾਦ, ਬੀਜ ਅਤੇ ਕੀਟਨਾਸ਼ਕ ਬਣਾਉਣ ਤੇ ਵੇਚਣ ਵਾਲਿਆਂ ਨੂੰ 5 ਸਾਲ ਦੀ ਸਜ਼ਾ ਦੇਣ ਸਬੰਧੀ ਕਾਨੂੰਨ, ਡੰਕੀ ਰੂਟ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਾਨੂੰਨ, ਹਰ ਹਰਿਆਣਵੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ, ਸਾਰੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਕਿਡਨੀ ਦੇ ਮਰੀਜ਼ਾਂ ਲਈ ਮੁਫ਼ਤ ਡਾਇਲਿਸਿਸ ਸੇਵਾ, ਆਯੁਸ਼ਮਾਨ ਭਾਰਤ ਯੋਜਨਾ ਤਹਿਤ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਅਤੇ ਹਰਿਆਣਾ ਰਾਜ ਦੇ ਗਠਨ ਤੋਂ ਪਹਿਲਾਂ ਦੇ ਪੱਟੇਦਾਰਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ, 141 ਸੰਕਲਪਾਂ ’ਤੇ ਕੰਮ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕਰਮਭੂਮੀ ਹਰਿਆਣਾ ਰਿਹਾ ਹੈ। ਉਨ੍ਹਾਂ ਦਾ ਹਰਿਆਣਾ ਨਾਲ ਵਿਸ਼ੇਸ਼ ਲਗਾਅ ਹੈ। ਇਸੇ ਕਾਰਨ ਉਨ੍ਹਾਂ ਨੇ ਸੂਬੇ ਦੇ ਆਪਣੇ 18 ਦੌਰਿਆਂ ਦੌਰਾਨ 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਹਰਿਆਣਾ ਨੂੰ 7 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ।
ਐਚਸੀਐਸ ਦੇ ਨਤੀਜੇ ਨੇ ਵਿਵਸਥਾ ਵਿੱਚ ਦਿਖਾਇਆ ਬਦਲਾਅ, ਨੌਜਵਾਨਾਂ ਦਾ ਧਿਆਨ ਹੁਣ ਪੜ੍ਹਾਈ ’ਤੇ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਲਈ ਨੇਤਾਵਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਉਨ੍ਹਾਂ ਦਾ ਸਮਾਂ ਪੜ੍ਹਾਈ ਦੀ ਬਜਾਏ ਸਿਫ਼ਾਰਸ਼ ਲਈ ਚੱਕਰ ਲਗਾਉਣ ਵਿੱਚ ਬੀਤਦਾ ਸੀ। ਅੱਜ ਨੌਜਵਾਨ ਆਪਣਾ ਪੂਰਾ ਧਿਆਨ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਤੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਐਚਸੀਐਸ ਪ੍ਰੀਖਿਆ ਦੇ ਨਤੀਜੇ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਹੁਣ ਤੱਕ 46,500 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੀ ਜਾਣਦੇ ਹਨ ਕਿ ਉਨ੍ਹਾਂ ਵੱਲੋਂ ਖੜ੍ਹੀਆਂ ਕੀਤੀਆਂ ਵਿਵਸਥਾਵਾਂ ਦੇ ਬਾਵਜੂਦ ਸਰਕਾਰ ਨੇ ਬਿਨਾਂ ਪਰਚੀ-ਖਰਚੀ ਦੇ ਨੌਕਰੀਆਂ ਦਿੱਤੀਆਂ ਹਨ।
ਪੰਜਾਬ ਵਿੱਚ ਨਸ਼ਿਆਂ ਬਾਰੇ ਕੀਤੇ ਵਾਅਦਿਆਂ ਦਾ ਕੀ ਬਣਿਆ, ‘ਆਪ’ ਪਾਰਟੀ ਦੀ ਸਰਕਾਰ ਦੇਵੇ ਜਵਾਬ
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਨੇ ਉੱਥੋਂ ਦੀ ਸਰਕਾਰ ਦੇ ਕੰਮਕਾਜ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਨਤਾ ਨਾਲ ਤਿੰਨ ਤੋਂ ਛੇ ਮਹੀਨਿਆਂ ਵਿੱਚ ਨਸ਼ਾ ਘਟਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਪੁੱਛਿਆ ਕਿ ਉਸ ਵਾਅਦੇ ’ਤੇ ਹੁਣ ਤੱਕ ਕੀ ਨਤੀਜੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੰਮ ਕਰਨ ਦਾ ਸਮਾਂ ਗੁਆ ਦਿੱਤਾ ਹੈ ਅਤੇ ਅੱਜ ਲੋਕ ਡਰ ਕਾਰਨ ਨਸ਼ਿਆਂ ਵਿਰੁੱਧ ਸ਼ਿਕਾਇਤ ਕਰਨ ਤੋਂ ਵੀ ਬਚਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਨਤਾ ਨਾਲ ਕੀਤੇ ਵਾਅਦਿਆਂ ਦਾ ਜਵਾਬ ਦੇਣਾ ਚਾਹੀਦਾ ਹੈ।
ਬਿਨਾਂ ਥੱਕੇ, ਬਿਨਾਂ ਰੁਕੇ ਦੇਸ਼ ਲਈ ਕੰਮ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਿਨਾਂ ਥੱਕੇ, ਬਿਨਾਂ ਰੁਕੇ ਅਤੇ ਬਿਨਾਂ ਛੁੱਟੀ ਲਏ ਦੇਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਜਨ ਪ੍ਰਤੀਨਿਧੀਆਂ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੰਮਕਾਜ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀਆਂ ਉਮੀਦਾਂ ਵਧੀਆਂ ਹਨ। ਮੁੱਖ ਮੰਤਰੀ ਨੇ ਆਪਣੇ ਸਵੀਡਨ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਵੀ ਲੋਕ ‘ਮੋਦੀ-ਮੋਦੀ’ ਦੇ ਨਾਅਰੇ ਲਗਾਉਂਦੇ ਹਨ ਅਤੇ ਭਾਰਤ ਵਿੱਚ ਕੰਮ ਕਰਨ ਤੇ ਨਿਵੇਸ਼ ਕਰਨ ਲਈ ਉਤਸੁਕ ਹਨ। ਮੁੱਖ ਮੰਤਰੀ ਨੇ ਇਸ ਨੂੰ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦਾ ਨਤੀਜਾ ਦੱਸਿਆ। ਉਨ੍ਹਾਂ ਨੇ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਦੀ ਸਮਝ ਨਹੀਂ ਹੈ। ਇਸ ਮੌਕੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਮੀਣਾ, ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ. ਮਕਰੰਦ ਪਾਂਡੁਰੰਗ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।






