ਬਹਿਰਾਚ: 24 ਜੁਲਾਈ, 2026 (ਜਗਦੇਵ ਰੰਚਨਾਂ): ਉੱਤਰ ਪ੍ਰਦੇਸ਼ ਦੇ ਬਹਿਰਾਚ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ ‘ਤੇ ਸੁਰੱਖਿਆ ਏਜੰਸੀਆਂ ਨੇ ਸਾਂਝੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਦੋਵੇਂ ਨੇਪਾਲ ਤੋਂ ਭਾਰਤ ਵਿੱਚ ਦਾਖਲ ਹੋ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਦੱਸਿਆ ਜਾ ਰਿਹਾ ਹੈ, ਜਦਕਿ ਦੂਜਾ ਅਮਰੀਕੀ ਨਾਗਰਿਕ ਹੈ।
ਬਹਿਰਾਚ ਦੇ ਪੁਲੀਸ ਸੁਪਰਡੈਂਟ ਵਿਸ਼ਵਜੀਤ ਸ੍ਰੀਵਾਸਤਵ ਨੇ ਦੱਸਿਆ ਕਿ ਰੁਪੈਡੀਹਾ ਸਰਹੱਦੀ ਇਲਾਕੇ ਵਿੱਚ ਸਸ਼ਸਤ੍ਰ ਸੀਮਾ ਬਲ (ਐੱਸ.ਐੱਸ.ਬੀ.) ਅਤੇ ਉੱਤਰ ਪ੍ਰਦੇਸ਼ ਪੁਲੀਸ ਨੇ ਸਾਂਝੇ ਆਪਰੇਸ਼ਨ ਦੌਰਾਨ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਜਾਂਚ ਦੌਰਾਨ ਉਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਅਤੇ ਮੋਗਾ (ਪੰਜਾਬ) ਦੇ ਰਹਿਣ ਵਾਲੇ ਅਮਰੀਕੀ ਨਾਗਰਿਕ ਮਨਵੀਰ ਸਿੰਘ ਢਿੱਲੋਂ ਵਜੋਂ ਹੋਈ।
ਪੁਲੀਸ ਅਨੁਸਾਰ, ਵਿਕਰਮਜੀਤ ਸਿੰਘ ਪੰਜਾਬ ਵਿੱਚ 2023 ਦੇ ਇੱਕ ਦਰਜ ਮਾਮਲੇ ਵਿੱਚ ਲੋੜੀਂਦਾ ਹੈ। ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਨਵੀਰ ਸਿੰਘ ਢਿੱਲੋਂ ਨੇ ਕਥਿਤ ਤੌਰ ‘ਤੇ ਬਿਨਾਂ ਵੀਜ਼ਾ ਨੇਪਾਲ ਰਾਹੀਂ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਵਿੱਚ ਦੋਵਾਂ ਖ਼ਿਲਾਫ਼ ਰੁਪੈਡੀਹਾ ਪੁਲੀਸ ਥਾਣੇ ਵਿੱਚ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਹੋਰ ਭਾਰਤੀ ਨਾਗਰਿਕਾਂ—ਸੁਰੇਸ਼ ਕੁਮਾਰ ਪਾਠਕ, ਦਿਲੀਪ ਉਪਾਧਿਆਏ ਅਤੇ ਵਾਹਨ ਚਾਲਕ ਰਾਹੁਲ ਕੁਮਾਰ—ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਦੋਵਾਂ ਵਿਅਕਤੀਆਂ ਦੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਤੋਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ ਹੈ। ਜਾਂਚ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
