ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗਾ ਹਿੰਦੀ ਨਾਟਕ ‘ਹਮਾਰੇ ਰਾਮ’ ਦਾ ਮੰਚਨ
ਪਟਿਆਲਾ, 17 ਸਤੰਬਰ 2026 (ਗੁਰਮੀਤ ਸਿੰਘ ਤੁੰਗ): ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (RGNUL), ਪਟਿਆਲਾ ਵਿਖੇ ਹਿੰਦੀ ਰੰਗਮੰਚ ਨਾਟਕ ‘ਹਮਾਰੇ ਰਾਮ’ ਦਾ ਦੋ ਰੋਜ਼ਾ ਮੰਚਨ 18 ਅਤੇ 19 ਸਤੰਬਰ ਨੂੰ ਕੀਤਾ ਜਾਵੇਗਾ। ਹਰ ਦਿਨ ਦੁਪਹਿਰ 2 ਵਜੇ ਅਤੇ ਸ਼ਾਮ 6 ਵਜੇ ਦੋ-ਦੋ ਸ਼ੋਅ ਕਰਵਾਏ ਜਾਣਗੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਬੁੱਧਵਾਰ ਨੂੰ ਪਟਿਆਲਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ’ਤੇ ਆਧਾਰਿਤ ਇਸ ਸ਼ਾਨਦਾਰ ਨਾਟਕ ਨੂੰ ਦੇਖਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਨਾਟਕ ਦੇ ਸ਼ੋਅਜ਼ ਲਈ ਪਾਸ ਮੁਫ਼ਤ ਉਪਲਬਧ ਹਨ। ਇਹ ਪਾਸ ਵਿਧਾਇਕਾਂ ਦੇ ਦਫ਼ਤਰਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਅਤੇ BookMyShow ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਾਂਕਾਵਿ ਰਾਮਾਇਣ ਰਾਹੀਂ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਧਰਮਾਂ ਦੀਆਂ ਆਸਥਾਵਾਂ ਦਾ ਸਨਮਾਨ ਕਰਦੀ ਹੈ ਅਤੇ ਧਾਰਮਿਕ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਵੱਖ-ਵੱਖ ਸਮਾਗਮ ਕਰਵਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਤੋਂ ਇਲਾਵਾ ‘ਏਕ ਸ਼ਾਮ ਭਗਵਾਨ ਸ਼ਿਵ ਕੇ ਸੰਗ’ ਅਤੇ ‘ਹਮਾਰੇ ਰਾਮ’ ਵਰਗੇ ਪ੍ਰੋਗਰਾਮ ਵੀ ਸ਼ਾਮਲ ਹਨ।ਦੀਪਕ ਬਾਲੀ ਨੇ ਦੱਸਿਆ ਕਿ ‘ਹਮਾਰੇ ਰਾਮ’ ਦੇ ਪੰਜਾਬ ਭਰ ਵਿੱਚ 41 ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਚਾਰ ਸ਼ੋਅ ਪਟਿਆਲਾ ਦੇ RGNUL ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਨਾਟਕ ਦੀ ਪੇਸ਼ਕਾਰੀ ਲਈ ਸ਼ਾਨਦਾਰ ਲਾਈਟ ਅਤੇ ਸਾਊਂਡ ਪ੍ਰਬੰਧ ਕੀਤੇ ਗਏ ਹਨ। Felicity Theatre ਵੱਲੋਂ ਪੇਸ਼ ਕੀਤਾ ਜਾ ਰਿਹਾ ‘ਹਮਾਰੇ ਰਾਮ’ ਇੱਕ ਹਿੰਦੀ ਰੰਗਮੰਚ ਪੇਸ਼ਕਾਰੀ ਹੈ, ਜਿਸ ਵਿੱਚ ਸ਼ਾਨਦਾਰ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਆਧੁਨਿਕ ਸਟੇਜ ਤਕਨਾਲੋਜੀ ਰਾਹੀਂ ਰਾਮਾਇਣ ਦੀ ਕਥਾ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ, ਜਦਕਿ ਰਾਹੁਲ ਆਰ. ਭੁਚਰ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਇਸ ਨਾਟਕ ਵਿੱਚ ਰਾਮਾਇਣ ਦੀ ਕਥਾ ਨੂੰ ਵੱਖ-ਵੱਖ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ਕਥਾ ਦੀ ਸ਼ੁਰੂਆਤ ਲਵ ਅਤੇ ਕੁਸ਼ ਵੱਲੋਂ ਸੀਤਾ ਜੀ ਦੇ ਵਿਛੋੜੇ ਤੋਂ ਬਾਅਦ ਭਗਵਾਨ ਸ੍ਰੀ ਰਾਮ ਦਾ ਸਾਹਮਣਾ ਕਰਨ ਤੋਂ ਹੁੰਦੀ ਹੈ ਅਤੇ ਅੱਗੇ ਸੂਰਜ ਦੇਵ ਦੇ ਦੈਵੀ ਨਜ਼ਰੀਏ ਰਾਹੀਂ ਕਹਾਣੀ ਨੂੰ ਅੱਗੇ ਵਧਾਇਆ ਜਾਂਦਾ ਹੈ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਅਤੇ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵੀ ਹਾਜ਼ਰ ਸਨ।
