ਪਟਿਆਲਾ, 19 ਸਤੰਬਰ:2026
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (MBSPSU), ਪਟਿਆਲਾ ਵੱਲੋਂ ਕਰਵਾਈ ਗਈ ਦੋ-ਰੋਜ਼ਾ ਇੰਟਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ (ਮਰਦ ਅਤੇ ਔਰਤਾਂ) ਅੱਜ ਬੇਹਤਰੀਨ ਖੇਡ ਭਾਵਨਾ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਪੰਨ ਹੋ ਗਈ। 17 ਤੋਂ 18 ਸਤੰਬਰ 2026 ਤੱਕ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਂਸਟੀਚਿਊਟ ਅਤੇ ਐਫ਼ੀਲੀਏਟਿਡ ਕਾਲਜਾਂ ਦੀਆਂ 12 ਟੀਮਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ।
ਪਿਛਲੇ ਸਾਲ ਇਹ ਮੁਕਾਬਲਾ ਨਾ ਹੋਣ ਕਰਕੇ ਖਿਡਾਰੀਆਂ ਦੇ ਅੰਦਰ ਜੋ ਜੋਸ਼ ਇਕੱਠਾ ਹੋਇਆ ਸੀ, ਉਸੇ ਉਤਸ਼ਾਹ ਨੂੰ ਵੇਖਦਿਆਂ ਯੂਨੀਵਰਸਿਟੀ ਨੇ ਇਸ ਵਾਰ ਮੈਚ ‘ਲੀਗ-ਕਮ-ਨੌਕਆਊਟ’ ਫਾਰਮੈਟ ‘ਚ ਰੱਖੇ ਸਨ, ਮਕਸਦ ਸਿਰਫ਼ ਇੱਕੋ ਹੈ— ਹਰ ਟੀਮ ਨੂੰ ਮੈਦਾਨ ‘ਚ ਨਿੱਤਰਨ ਦਾ ਪੂਰਾ ਮੌਕਾ ਮਿਲੇ ਤੇ ਉਹ ਆਪਣਾ ਹੁਨਰ ਦਿਖਾ ਸਕੇ!”ਔਰਤਾਂ ਦੇ ਵਰਗ ਵਿੱਚ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ (PGSGCPE), ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਔਰਤਾਂ ਦੇ ਵਰਗ ਵਿੱਚ ਮੇਜ਼ਬਾਨ ਸੰਸਥਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (MBSPSU) ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਦੂਜਾ (ਰਨਰ-ਅੱਪ) ਸਥਾਨ ਪ੍ਰਾਪਤ ਕੀਤਾ। ਖਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ (KCPE), ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਦਾ ਰਾਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ (RCPE), ਮਾਨਸਾ ਚੌਥੇ ਸਥਾਨ ‘ਤੇ ਰਿਹਾ।
ਮਰਦਾਂ ਦੇ ਵਰਗ ਵਿੱਚ ਵੀ ਪੂਰੇ ਟੂਰਨਾਮੈਂਟ ਦੌਰਾਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਮੁੱਖ ਨਤੀਜਿਆਂ ਵਿੱਚ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ਼ ਫਿਜੀਕਲ ਐਜੂਕੇਸ਼ਨ, ਸਮਰਾਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਦਾ ਖਿਤਾਬ ਜਿੱਤਿਆ, ਜਦੋਂ ਕਿ ਮ.ਭ.ਸ. ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ (PGSGCPE) ਪਟਿਆਲਾ ਨੇ ਮਰਦਾਂ ਦੇ ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ (GASC), ਜਲੰਧਰ ਨੇ ਚੌਥਾ ਸਥਾਨ ਹਾਸਲ ਕੀਤਾ।
ਮਾਨਯੋਗ ਵਾਈਸ-ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਜੇਤੂ ਟੀਮਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਅਤੇ ਚੈਂਪੀਅਨਸ਼ਿਪ ਦੌਰਾਨ ਖੇਡ ਭਾਵਨਾ ਤੇ ਸਮਰਪਣ ਦਿਖਾਉਣ ਲਈ ਸਾਰੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਮੰਚ ਯੂਨੀਵਰਸਿਟੀ ਦੀ ਉੱਚ ਪੱਧਰੀ ਮੁਕਾਬਲਿਆਂ ਵਿੱਚ ਨੁਮਾਇੰਦਗੀ ਕਰਨ ਲਈ ਹੋਣਹਾਰ ਅਥਲੀਟਾਂ ਦੀ ਪਛਾਣ ਕਰਨ ਵਾਸਤੇ ਬਹੁਤ ਮਹੱਤਵਪੂਰਨ ਹਨ। ਖੇਡ ਡਾਇਰੈਕਟਰ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਲੀਗ-ਕਮ-ਨੌਕਆਊਟ ਫਾਰਮੈਟ ਨੇ ਟੀਮਾਂ ਨੂੰ ਜ਼ਰੂਰੀ ਮੈਚ ਪ੍ਰੈਕਟਿਸ ਅਤੇ ਮੁਕਾਬਲੇਬਾਜ਼ੀ ਦਾ ਤਜਰਬਾ ਦੇਣ ਦੇ ਆਪਣੇ ਉਦੇਸ਼ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਟੂਰਨਾਮੈਂਟ ਦੇ ਸੁਚੱਜੇ ਸੰਚਾਲਨ ਦੀ ਦੇਖ-ਰੇਖ ਸਪੋਰਟਸ ਅਫਸਰ ਡਾ. ਸੋਨੀਆ ਵੱਲੋਂ ਕੀਤੀ ਗਈ, ਜਿਸ ਵਿੱਚ ਯੋਗਾ ਇੰਸਟ੍ਰਕਟਰ ਸ਼੍ਰੀ ਜਗਦੇਵ ਸਿੰਘ, ਸ੍ਰੀ ਪਰਮਿੰਦਰ ਸਿੰਘ ਅਤੇ ਸ੍ਰੀ ਮਨਵੀਰ ਸਿੰਘ ਸਮੇਤ ਸਮੂਹ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਇਸ ਸਫ਼ਲ ਆਯੋਜਨ ਨਾਲ ਖਿਡਾਰੀ, ਕੋਚ ਅਤੇ ਅਧਿਕਾਰੀ ਬਹੁਤ ਉਤਸ਼ਾਹਿਤ ਨਜ਼ਰ ਆਏ।