ਪਟਿਆਲਾ, 30 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਪਟਿਆਲਾ ਪੁਲਿਸ ਦੀ ਸੀ.ਆਈ.ਏ. ਟੀਮ ਨੇ ਥਾਣਾ ਅਰਬਨ ਅਸਟੇਟ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਕਥਿਤ ਤੌਰ ’ਤੇ ਅਪਰਾਧਿਕ ਗਿਰੋਹਾਂ ਨਾਲ ਸੰਪਰਕ ਰੱਖ ਕੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸਾਬਕਾ ਫੌਜੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 7 ਪਿਸਤੌਲ ਅਤੇ ਰੌਂਦ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਫੌਜੀ ਅਤੇ ਰਾਹੁਲ, ਦੋਵੇਂ ਜ਼ਿਲ੍ਹਾ ਪਟਿਆਲਾ ਦੇ ਵਸਨੀਕਾਂ ਵਜੋਂ ਹੋਈ ਹੈ। ਇਹ ਕਾਰਵਾਈ ਸੀ.ਆਈ.ਏ. ਪਟਿਆਲਾ ਦੇ ਮੁਖੀ ਸਿਮਰਨਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ।
ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤੇਜਿੰਦਰ ਸਿੰਘ ਉਰਫ਼ ਫੌਜੀ ਦਾ ਅਪਰਾਧਿਕ ਪਿਛੋਕੜ ਹੈ। ਉਹ ਪਹਿਲਾਂ ਭਾਰਤੀ ਫੌਜ ਵਿੱਚ ਸਿਪਾਹੀ ਵਜੋਂ ਸੇਵਾ ਨਿਭਾ ਚੁੱਕਾ ਹੈ, ਪਰ ਅਪਰਾਧਿਕ ਮਾਮਲਿਆਂ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਉਸ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 10 ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਸਾਲ 2022 ਵਿੱਚ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਤਲ ਦੇ ਮਾਮਲੇ ਵਿੱਚ ਵੀ ਤੇਜਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਉਹ ਮਈ 2026 ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ।
ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਰਹਿ ਰਹੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਭਗੌੜਿਆਂ ਅਤੇ ਜੇਲ੍ਹਾਂ ਵਿੱਚ ਬੰਦ ਕੁਝ ਅਪਰਾਧੀਆਂ ਦੇ ਸੰਪਰਕ ਵਿੱਚ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਸੰਪਰਕਾਂ ਰਾਹੀਂ ਹਥਿਆਰ ਪੰਜਾਬ ਵਿੱਚ ਲਿਆਂਦੇ ਗਏ ਸਨ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਿਸ ਵਿਅਕਤੀ ਜਾਂ ਵਿਅਕਤੀਆਂ ਨੂੰ ਸਪਲਾਈ ਕੀਤੇ ਜਾਣੇ ਸਨ ਅਤੇ ਇਨ੍ਹਾਂ ਦੀ ਵਰਤੋਂ ਕਿਸੇ ਸੰਭਾਵਿਤ ਵਾਰਦਾਤ ਲਈ ਕੀਤੀ ਜਾਣੀ ਸੀ ਜਾਂ ਨਹੀਂ। ਅਧਿਕਾਰੀਆਂ ਮੁਤਾਬਕ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਮਾਮਲੇ ਸਬੰਧੀ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
