ਮੁੰਬਈ, 9 ਜੁਲਾਈ (ਜਤਿੰਦਰ ਗਰਗ) : ਟੀ.ਵੀ. ਅਤੇ ਬਾਲੀਵੁੱਡ ਦੇ ਮਸ਼ਹੂਰ ਹੋਸਟ-ਅਦਾਕਾਰ ਮਨੀਸ਼ ਪਾਲ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੀ ਮਾਂ, ਉਰਮਿਲ ਪਾਲ ਦਾ 77 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ। ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਮਨੀਸ਼ ਦੀ ਟੀਮ ਨੇ ਕੀਤੀ ਹੈ। ਟੀਮ ਨੇ ਦੱਸਿਆ ਕਿ ਉਰਮਿਲ ਪਾਲ ਹੁਣ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ।
ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ, ਮਨੀਸ਼ ਪਾਲ ਨੇ ਇੰਸਟਾਗ੍ਰਾਮ ‘ਤੇ ਇੱਕ ਡੂੰਘੀ ਭਾਵਨਾਤਮਕ ਪੋਸਟ ਸਾਂਝੀ ਕੀਤੀ, ਜਿਸ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
” ਅੱਜ ਦੁਨੀਆਂ ਕੁਝ ਜ਼ਿਆਦਾ ਖਾਮੋਸ਼ ਲਗ ਰਹੀ ਹੈ…”
ਮਨੀਸ਼ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਅੱਜ ਉਨ੍ਹਾਂ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮਾਂ ਨੂੰ ਆਪਣਾ ਪਹਿਲਾ ਘਰ, ਸਭ ਤੋੰ ਵੱਡਾ ਸਹਾਰਾ ਅਤੇ ਦੁਨੀਆਂ ਦੀ ਸਭ ਤੋਂ ਮਜ਼ਬੂਤ ਔਰਤ ਦੱਸਿਆ।
ਉਨ੍ਹਾਂ ਨੇ ਲਿਖਿਆ ਕਿ ਸ਼ਬਦ ਕਦੇ ਵੀ ਬਿਆਨ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਲਈ ਕੀ ਸੀ ਅਤੇ ਉਨ੍ਹਾਂ ਦੇ ਜਾਣ ਨਾਲ ਨਾਲ ਜ਼ਿੰਦਗੀ ਵਿੱਚ ਕਿੰਨਾ ਵੱਡਾ ਖਾਲੀਪਣ ਆ ਗਿਆ ਹੈ। ਹਾਲਾਂਕਿ, ਦੀ ਮਾਂ ਦਾ ਪਿਆਰ, ਉਨ੍ਹਾਂ ਦੀ ਤਾਕਤ, ਦਿਆਲਤਾ ਅਤੇ ਜੀਵਨ ਦੇ ਸਬਕ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਗੇ।
ਪੋਸਟ ਦੇ ਅੰਤ ਵਿੱਚ, ਮਨੀਸ਼ ਨੇ ਲਿਖਿਆ, ” ਉਮੀਦ ਹੈ ਕਿ ਤੁਸੀਂ ਹੁਣ ਸ਼ਾਂਤੀ ਨਾਲ ਹੋਵੋਗੇ।” ਮੰਮੀ, ਮੈਨੂੰ ਉਸ ਤਰ੍ਹਾਂ ਪਿਆਰ ਕਰਨ ਲਈ ਤੁਹਾਡਾ ਧੰਨਵਾਦ ਜਿਵੇਂ ਸਿਰਫ਼ ਇੱਕ ਮਾਂ ਹੀ ਕਰ ਸਕਦੀ ਹੈ। ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ… ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦਾ ਰਹਾਗਾ।
ਪਰਿਵਾਰ ਨੂੰ ਹਮੇਸ਼ਾ ਰੱਖਿਆ ਲਾਈਮਲਾਈਟ ਤੋਂ ਦੂਰ
ਮਨੀਸ਼ ਪਾਲ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ ਹੈ। ਉਨ੍ਹਾਂ ਨੇ ਆਪਣੀ ਬਚਪਨ ਦੀ ਦੋਸਤ, ਸੰਯੁਕਤਾ ਪਾਲ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਦੋ ਬੱਚੇ ਹਨ: ਧੀ ਸਯੇਸ਼ਾ ਅਤੇ ਪੁੱਤਰ ਯੁਵਾਨ। ਆਪਣੇ ਰੁਝੇਵਿਆਂ ਦੇ ਬਾਵਜੂਦ, ਮਨੀਸ਼ ਨੇ ਹਮੇਸ਼ਾ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ ਹੈ।
ਮਨੀਸ਼ ਪਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਿੱਲੀ ਵਿੱਚ ਸਕੂਲ ਅਤੇ ਕਾਲਜ ਸੱਭਿਆਚਾਰਕ ਸਮਾਗਮਾਂ ਵਿੱਚ ਐਂਕਰਿੰਗ ਕਰਕੇ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਫਿਲਮ “ਮਿੱਕੀ ਵਾਇਰਸ” ਨਾਲ ਇੱਕ ਮੁੱਖ ਅਦਾਕਾਰ ਵਜੋਂ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਉਹ ਹਾਲ ਹੀ ਵਿੱਚ ਫਿਲਮ “ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ” ਵਿੱਚ ਨਜ਼ਰ ਆਏ। ਇਸ ਫਿਲਮ ਵਿੱਚ ਵਰੁਣ ਧਵਨ, ਜਾਨ੍ਹਵੀ ਕਪੂਰ, ਸਾਨਿਆ ਮਲਹੋਤਰਾ, ਰੋਹਿਤ ਸਰਾਫ ਅਤੇ ਅਕਸ਼ੈ ਓਬਰਾਏ ਵੀ ਸਨ।
ਮਾਂ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਮਨੀਸ਼ ਪਾਲ ਨੂੰ ਹਿੰਮਤ ਦੇ ਰਹੀਆਂ ਹਨ ਅਤੇ ਉਨ੍ਹਾਂ ਦੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀਆਂ ਹਨ।








